ਬਰੈਂਪਟਨ, 15 ਅਗਸਤ 2026(ਜਸ਼ਨ / ਜਗਮੰਦਰ ਸਿੰਘ ਸਰਾਂ ): ਬਲੈਕ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬਲੂ ਓਕ ਪਾਰਕ ਵਿਖੇ ਬੜੇ ਸ਼ਾਨੋ-ਸ਼ੌਕਤ, ਦੇਸ਼-ਭਗਤੀ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਸਮਾਗਮ ਵਿੱਚ ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਮਾਪਿਆਂ ਦੇ ਨਾਲ ਬੱਚਿਆਂ ਨੇ ਵੀ ਸਮਾਗਮ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਭਾਰਤ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਦੇ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਕਲੱਬ ਵੱਲੋਂ ਡਿਪਟੀ ਮੇਅਰ ਨੂੰ ਇੱਕ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਪਾਰਕ ਦੇ ਵਾਕਵੇਅ ਦੀ ਸਹੀ ਦੇਖਭਾਲ ਅਤੇ ਮੁਰੰਮਤ ਕਰਨ ਅਤੇ ਪਾਰਕ ਦੀਆਂ ਲਾਈਟਾਂ ਦੀ ਨਿਯਮਤ ਮੁਰੰਮਤ ਤੇ ਸੰਭਾਲ ਕਰਨ ਦੀ ਮੰਗ ਕੀਤੀ ਗਈ।
ਹਰਨੇਕ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਹਰਜਿੰਦਰ ਸਿੰਘ ਬੁਲਾਰਾ, ਮੋਹਨ ਵਰਮਾ ਅਤੇ ਬੂਟਾ ਸਿੰਘ ਧਾਲੀਵਾਲ ਨੇ ਕਵਿਤਾਵਾਂ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾਇਆ। ਕਲੱਬ ਦੇ ਕੈਸ਼ੀਅਰ ਸ. ਕੁਲਵਿੰਦਰ ਸਿੰਘ ਬਿਨਿੰਗ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਆਤਮਾ ਸਿੰਘ ਬਰਾੜ, ਗਜਨ ਸਿੰਘ, ਬਲਤੇਜ ਸਿੰਘ ਢਿੱਲੋਂ, ਹਰੀ ਸਿੰਘ, ਡਾ. ਸੁਰਜੀਤ ਸਿੰਘ, ਹਾਕਮ ਸਿੰਘ ਬੁਗਰ ਅਤੇ ਉਨ੍ਹਾਂ ਦੀ ਧਰਮਪਤਨੀ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ।
ਸਮਾਗਮ ਦੌਰਾਨ ਸਾਰੇ ਹਾਜ਼ਰੀਨ ਨੇ ਸਤਿਕਾਰ ਨਾਲ ਖੜ੍ਹੇ ਹੋ ਕੇ ਭਾਰਤ ਦਾ ਰਾਸ਼ਟਰੀ ਗਾਨ “ਜਨ ਗਣ ਮਨ” ਗਾਇਆ। ਇਸ ਤੋਂ ਇਲਾਵਾ ਗੁਰਨਾਮ ਸਿੰਘ ਮਹਿਸਮਪੁਰੀ , ਸੁਰਿੰਦਰ ਸਿੰਘ ਅਤੇ ਮਹੇਸ਼ ਇੰਦਰ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਕਲੱਬ ਦੇ ਸਕੱਤਰ ਜੇ.ਐੱਸ. ਧਾਲੀਵਾਲ ਨੇ ਸਟੇਜ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਕੈਨੇਡਾ ਦੇ ਕਾਨੂੰਨਾਂ ਦੀ ਪਾਲਣਾ ਕਰਨ, ਅਨੁਸ਼ਾਸਨ ਬਣਾਈ ਰੱਖਣ, ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਭਾਈਚਾਰੇ ਦੇ 150 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪੂਰੇ ਉਤਸ਼ਾਹ ਨਾਲ ਸਮਾਗਮ ਦਾ ਆਨੰਦ ਮਾਣਿਆ।
ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਬਰਾੜ ਨੇ ਸਮੂਹ ਹਾਜ਼ਰੀਨ, ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਲੱਬ ਵੱਲੋਂ ਸਮਾਗਮ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਚਾਹ ਅਤੇ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ। ਬੱਚਿਆਂ, ਮਾਪਿਆਂ ਅਤੇ ਸਮੂਹ ਭਾਈਚਾਰੇ ਨੇ ਪਾਰਕ ਦੇ ਸੁਹਾਵਣੇ ਮਾਹੌਲ ਵਿੱਚ ਮਿਲ-ਜੁਲ ਕੇ ਇਸ ਸਮਾਗਮ ਦਾ ਆਨੰਦ ਮਾਣਿਆ।ਇਹ ਸਮਾਗਮ ਭਾਰਤੀ ਵਿਰਾਸਤ, ਦੇਸ਼-ਭਗਤੀ, ਭਾਈਚਾਰਕ ਏਕਤਾ ਅਤੇ ਕੈਨੇਡਾ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਸਾਂਝ ਦਾ ਸੁੰਦਰ ਪ੍ਰਤੀਕ ਬਣਿਆ।
ਬਲੈਕ ਓਕ ਸੀਨੀਅਰਜ਼ ਕਲੱਬ ਮੈਂਬਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਹਿੰਦੀ ਦੁਨੀਆਂ ਤੱਕ ਭਾਰਤੀ ਸ਼ਹੀਦਾਂ ਦੇ ਰਿਣੀ ਰਹਿਣਗੇ ਜਿਨ੍ਹਾਂ ਦੇਸ਼ ਲਈ ਜਾਨਾਂ ਵਾਰੀਆਂ।