ਅਮਰੀਕਾ ,1 ਸਤੰਬਰ ( ਕੁਲਤਾਰਨ ਸਿੰਘ ਪਧਿਆਣਾ) ਭਾਰਤੀ ਮੂਲ ਦੇ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਹੈ। ਉਸ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵੇਲੇ ਬਲਾਤਕਾਰ ਅਤੇ ਅਗਵਾ ਦੇ ਗੰਭੀਰ ਅਪਰਾਧ ਨੂੰ ਛੁਪਾ ਲਿਆ ਸੀ। ਇਹ ਜਾਣਕਾਰੀ ਅੱਜ ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲੈਂਚ ਵੱਲੋਂ ਸਾਂਝੀ ਕੀਤੀ ਗਈ ਹੈ। ਨਿਉ ਯਾਰਕ ਦੇ ਬਰੁਕਲਿਨ ਦੀ ਫੈਡਰਲ ਅਦਾਲਤ ਨੇ ਇਸ ਸਬੰਧੀ ਆਰਡਰ ਜਾਰੀ ਕੀਤਾ ਹੈ। 55 ਸਾਲਾ ਗੁਰਮੀਤ ਸਿੰਘ ਇਸ ਵੇਲੇ ਨਿਊਯਾਰਕ ਦੀ ਸ਼ਾਵਾਨਗੰਕ ਕਰੈਕਸ਼ਨਲ ਫੈਸਿਲਿਟੀ ਵਿੱਚ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਯੂਐਸ ਜਸਟਿਸ ਡਿਪਾਰਟਮੈਂਟ ਅਨੁਸਾਰ, ਮਈ 2011 ਵਿੱਚ ਉਹ ਟੈਕਸੀ ਚਲਾਉਂਦਾ ਸੀ। ਉਸ ਨੇ ਇੱਕ ਨੌਜਵਾਨ ਔਰਤ ਯਾਤਰੀ ਨੂੰ ਵਿਲੀਅਮਜ਼ਬਰਗ ਤੋਂ ਈਸਟ ਵਿਲੇਜ ਲਿਜਾਣਾ ਸੀ। ਯਾਤਰੀ ਪਿਛਲੀ ਸੀਟ ’ਤੇ ਸੌਂ ਗਈ। ਗੁਰਮੀਤ ਸਿੰਘ ਨੇ ਟੈਕਸੀ ਨੂੰ ਇੱਕ ਸਾਈਡ ਸਟਰੀਟ ਵੱਲ ਮੋੜ ਦਿੱਤਾ। ਜਦੋਂ ਔਰਤ ਜਾਗੀ ਤਾਂ ਉਸ ਨੂੰ ਛੁਰੀ ਗਲੇ ’ਤੇ ਰੱਖੀ ਮਿਲੀ। ਉਸ ਨੇ ਧਮਕੀ ਦਿੱਤੀ ਕਿ ਜੇ ਉਹ ਵਿਰੋਧ ਕਰੇਗੀ ਤਾਂ ਮਾਰ ਦੇਵੇਗਾ। ਫਿਰ ਉਸ ਨੇ ਔਰਤ ਦੇ ਹੱਥ-ਪੈਰ ਬੰਨ੍ਹੇ, ਮੂੰਹ ਬੰਦ ਕੀਤਾ, ਅੱਖਾਂ ’ਤੇ ਪੱਟੀ ਬੰਨ੍ਹੀ, ਕੱਪੜੇ ਉਤਾਰੇ ਅਤੇ ਬਲਾਤਕਾਰ ਕੀਤਾ। ਔਰਤ ਟੈਕਸੀ ਤੋਂ ਭੱਜ ਗਈ ਅਤੇ ਰਾਹ ਵਿੱਚੋਂ ਮਦਦ ਮੰਗੀ।

ਇਸ ਘਟਨਾ ਤੋਂ ਕੁਝ ਹਫ਼ਤਿਆਂ ਬਾਅਦ ਗੁਰਮੀਤ ਸਿੰਘ ਨੇ ਨਾਗਰਿਕਤਾ ਲਈ ਅਰਜ਼ੀ ਦਾਇਰ ਕੀਤੀ। ਉਸ ਨੇ ਨਾਗਰਿਕਤਾ ਫਾਰਮ ਵਿੱਚ ਇਹ ਨਹੀਂ ਦੱਸਿਆ ਕਿ ਉਸ ਨੇ ਅਮਰੀਕਾ ਵਿੱਚ ਕੋਈ ਅਪਰਾਧ ਕੀਤਾ ਹੈ। 19 ਅਕਤੂਬਰ 2011 ਨੂੰ ਉਸ ਨੂੰ ਅਮਰੀਕੀ ਨਾਗਰਿਕਤਾ ਮਿਲ ਗਈ। ਬਾਅਦ ਵਿੱਚ 2012 ਵਿੱਚ ਗ੍ਰਿਫ਼ਤਾਰੀ ਹੋਈ ਅਤੇ 2014 ਵਿੱਚ ਨਿਊਯਾਰਕ ਦੀ ਅਦਾਲਤ ਵੱਲੋਂ ਉਸ ਨੂੰ ਰੇਪ ਇਨ ਦ ਫਸਟ ਡਿਗਰੀ ਅਤੇ ਕਿਡਨੈਪਿੰਗ ਇਨ ਦ ਸੈਕੰਡ ਡਿਗਰੀ (ਸੈਕਸੂਅਲੀ ਮੋਟੀਵੇਟਿਡ ਫੈਲਨੀ) ਦਾ ਦੋਸ਼ੀ ਠਹਿਰਾਇਆ ਗਿਆ। 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਫਰਵਰੀ 2026 ਵਿੱਚ ਜਸਟਿਸ ਡਿਪਾਰਟਮੈਂਟ ਨੇ ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ ਵਿੱਚ ਡੀਨੈਚਰਲਾਈਜ਼ੇਸ਼ਨ ਦੀ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਕਿਹਾ ਕਿ ਉਸ ਨੇ ਨਾਗਰਿਕਤਾ ਹਾਸਲ ਕਰਨ ਲਈ ਮਹੱਤਵਪੂਰਨ ਤੱਥ ਛੁਪਾਏ ਅਤੇ ਝੂਠੀ ਜਾਣਕਾਰੀ ਦਿੱਤੀ। ਜੱਜ ਨਿਕੋਲਸ ਗਾਰਾਫਿਸ ਨੇ ਹਾਲ ਹੀ ਵਿੱਚ ਕੰਸੈਂਟ ਜੱਜਮੈਂਟ ਜਾਰੀ ਕਰਦਿਆਂ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਉਸ ਨੂੰ 16 ਸਤੰਬਰ 2026 ਤੱਕ ਆਪਣਾ ਨੈਚਰਲਾਈਜ਼ੇਸ਼ਨ ਸਰਟੀਫਿਕੇਟ ਅਤੇ ਅਮਰੀਕੀ ਪਾਸਪੋਰਟ ਮੋੜਨਾ ਪਵੇਗਾ। ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਮੀਤ ਸਿੰਘ ਨੇ ਧੋਖੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ। ਇਸ ਤਰ੍ਹਾਂ ਦੇ ਗੰਭੀਰ ਅਪਰਾਧ ਛੁਪਾ ਕੇ ਨਾਗਰਿਕਤਾ ਲੈਣ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰਹੇਗੀ। ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਤਹਿਤ ਜੇ ਨਾਗਰਿਕਤਾ ਗੈਰ-ਕਾਨੂੰਨੀ ਤਰੀਕੇ ਨਾਲ ਜਾਂ ਮਹੱਤਵਪੂਰਨ ਤੱਥ ਛੁਪਾ ਕੇ ਹਾਸਲ ਕੀਤੀ ਗਈ ਹੋਵੇ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ।