ਸ੍ਰੀ ਮੁਕਤਸਰ ਸਾਹਿਬ, 4 ਮਈ ( ਜਸ਼ਨ )
40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਮਨਾਇਆ ਗਿਆ। ਇਸ ਪਵਿੱਤਰ ਧਰਤੀ ’ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲਾਂ ਨਾਲ ਆਖਰੀ ਅਤੇ ਫੈਸਲਾ ਕੁਨ ਜੰਗ ਲੜੀ ਗਈ ਸੀ।
ਇਤਿਹਾਸ ਅਨੁਸਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਭਾਈ ਮਹਾ ਸਿੰਘ ਦੀ ਅਗਵਾਈ ਹੇਠ 40 ਸਿੰਘਾਂ ਨੇ ਮਾਈ ਭਾਗੋ ਦੀ ਪ੍ਰੇਰਨਾ ਨਾਲ ਖਿਦਰਾਣੇ ਦੀ ਜੰਗ ਵਿੱਚ ਗੁਰੂ ਸਾਹਿਬ ਦਾ ਸਾਥ ਦਿੱਤਾ ਅਤੇ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਟੁੱਟੀ ਗੰਡੀ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਜੀ ਨੇ ਭਾਈ ਮਹਾ ਸਿੰਘ ਸਮੇਤ 40 ਸਿੰਘਾਂ ਦੀ ਟੁੱਟੀ ਗੰਢ ਕੇ ਉਨ੍ਹਾਂ ਨੂੰ “ਮੁਕਤੇ” ਦਾ ਦਰਜਾ ਬਖ਼ਸ਼ਿਆ ਸੀ।
ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 40 ਅਖੰਡ ਪਾਠਾਂ ਦਾ ਆਰੰਭ ਕੀਤਾ ਜਾਂਦਾ ਹੈ, ਜਿਸ ਦੀ ਸਮਾਪਤੀ ਅੱਜ ਦੇ ਸ਼ਹੀਦੀ ਸਮਾਗਮ ਨਾਲ ਹੋਈ। ਸਮਾਗਮ ਦੌਰਾਨ ਪ੍ਰਸਿੱਧ ਰਾਗੀ ਜਥਿਆਂ, ਢਾਡੀ ਵਾਰਾਂ ਅਤੇ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਸਿੱਖੀ ਜੀਵਨ ਸ਼ੈਲੀ ਨਾਲ ਜੁੜਨ ਦੀ ਅਪੀਲ ਕੀਤੀ।
ਮੁਕਤਸਰ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ।




