ਮੋਗਾ, 9 ਜੁਲਾਈ(ਜਸ਼ਨ ): ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੋਗਾ ਦੀ ਰੇਲਵੇ ਪਲੇਟੀ, ਜਿੱਥੇ ਇਸ ਵੇਲੇ ਮਾਲਗੱਡੀਆਂ ਦੀ ਲੋਡਿੰਗ ਅਤੇ ਅਨਲੋਡਿੰਗ ਹੁੰਦੀ ਹੈ, ਨੂੰ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ 15 ਮਹੀਨਿਆਂ ਦੇ ਅੰਦਰ ਮਹਿਣਾ ਵਿਖੇ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਨਾਲ ਸ਼ਹਿਰ ਵਿੱਚ ਟਰੈਫਿਕ ਜਾਮ ਅਤੇ ਹਾਦਸਿਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਮਾਲਗੱਡੀਆਂ ਦੀ ਲੋਡਿੰਗ-ਅਨਲੋਡਿੰਗ ਵੀ ਮਹਿਣਾ ਰੇਲਵੇ ਸਟੇਸ਼ਨ 'ਤੇ ਹੀ ਹੋਇਆ ਕਰੇਗੀ। ਮੋਗਾ ਦੌਰੇ ਦੌਰਾਨ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਗਾਂਧੀ ਰੋਡ ਸਥਿਤ ਰੇਲਵੇ ਫਾਟਕਾਂ ਕੋਲ ਮੌਜੂਦ ਪਲੇਟੀ ਕਾਰਨ ਟਰੱਕਾਂ ਦੀ ਆਵਾਜਾਈ ਨਾਲ ਕਈ ਹਾਦਸੇ ਹੋਏ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਸ਼ਿਫਟ ਕਰਨ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੋਗਾ ਦੀ ਪਲੇਟੀ ਨੂੰ ਮਹਿਣਾ ਵਿਖੇ ਤਬਦੀਲ ਕਰਨ ਨਾਲ ਸ਼ਹਿਰ ਦੀ ਆਵਾਜਾਈ ਸੁਚਾਰੂ ਹੋਵੇਗੀ ਅਤੇ ਮਾਲਗੱਡੀਆਂ ਵੀ ਮਹਿਣਾ ਰੇਲਵੇ ਸਟੇਸ਼ਨ 'ਤੇ ਹੀ ਰੁਕਣਗੀਆਂ, ਜਿੱਥੇ ਲੋਡਿੰਗ ਅਤੇ ਅਨਲੋਡਿੰਗ ਦਾ ਸਾਰਾ ਕੰਮ ਕੀਤਾ ਜਾਵੇਗਾ। ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੋਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਲਕਲਾਂ ਨੇੜੇ ਸੀ-57 ਰੇਲਵੇ ਫਾਟਕ 'ਤੇ ਵੀ ਜਲਦ ਹੀ ਪੁਲ ਬਣਾਇਆ ਜਾਵੇਗਾ, ਜਿਸ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਰੇਲ ਗੱਡੀਆਂ ਦੇ ਰੂਟ ਬਦਲਣ ਦੀ ਬਜਾਏ ਲੋਕਾਂ ਦੀ ਮੰਗ ਅਨੁਸਾਰ ਨਵੀਆਂ ਤੇ ਤੇਜ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਜੇਕਰ ਮੋਗਾ ਵਾਸੀਆਂ ਦੀ ਕਿਸੇ ਨਵੀਂ ਰੇਲ ਗੱਡੀ ਜਾਂ ਕਿਸੇ ਹੋਰ ਰੇਲਵੇ ਪੁਲ ਦੀ ਮੰਗ ਹੈ ਤਾਂ ਉਹ ਡਾ. ਸੀਮਾਂਤ ਗਰਗ ਰਾਹੀਂ ਜਾਂ ਸਿੱਧੇ ਲਿਖਤੀ ਪ੍ਰਸਤਾਵ ਭੇਜ ਸਕਦੇ ਹਨ, ਜਿਸ 'ਤੇ ਜਲਦੀ ਕਾਰਵਾਈ ਕੀਤੀ ਜਾਵੇਗੀ। ਬਿੱਟੂ ਨੇ ਇਹ ਵੀ ਦੱਸਿਆ ਕਿ ਮੋਗਾ-ਫਿਰੋਜ਼ਪੁਰ ਰੇਲਵੇ ਮਾਰਗ 'ਤੇ ਪੰਜ ਪੁਲਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਨ੍ਹਾਂ 'ਤੇ ਜਲਦ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੋਗਾ ਦੇ ਲੋਕਾਂ ਨੂੰ ਜੇਕਰ ਕਿਸੇ ਹੋਰ ਥਾਂ ਪੁਲ ਜਾਂ ਰੇਲਵੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਉਸ ਸਬੰਧੀ ਵੀ ਲਿਖਤੀ ਪ੍ਰਸਤਾਵ ਭੇਜਿਆ ਜਾ ਸਕਦਾ ਹੈ, ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।