ਜਸਵੰਤ ਸਿੰਘ ਖਾਲੜਾ ਦਾ ਸੁਪਰੀਮ ਕੋਰਟ ਵਿੱਚ ਕੇਸ ਲੜਨ ਵਾਲੇ ਉਘੇ ਵਕੀਲ ਤੇ ਸਤਲੁਜ ਫਿਲਮ ਦੇ ਪਾਤਰ ਐਡ. ਅਸ਼ੋਕ ਅੱਗਰਵਾਲ
ਬੀਬੀ ਪਰਮਜੀਤ ਕੌਰ ਖਾਲੜਾ ਦੇ ਹਾਈਕੋਰਟ ਵਿੱਚ ਕੇਸ ਲੜਨ ਵਾਲੇ ਉਘੇ ਵਕੀਲ ਰਾਜਵਿੰਦਰ ਸਿੰਘ ਬੈਂਸ
ਉਘੇ ਪੱਤਰਕਾਰ ਹਮੀਰ ਸਿੰਘ
ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ
ਮੰਚ ਸੰਚਾਲਨ: ਪ੍ਰੋ. ਪੀ ਐਸ ਭੋਗਲ

ਮੋਗਾ 19 ਜੁਲਾਈ ( ਜਸ਼ਨ ) : ਸਤਲੁਜ ਫਿਲਮ ਵਿੱਚ ਦਿਖਾਈਆਂ ਗਈਆਂ ਘਟਨਾਵਾਂ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਬੂਤਾਂ ਤੇ ਅਧਾਰਿਤ ਸੱਚ ਹਨ ਜੋ ਸੂਈ ਦੇ ਨੱਕੇ ਬਰਾਬਰ ਹਨ, ਅਸਲ ਸੱਚ ਪਤਾ ਕਰਨ ਦੀ ਸਰਕਾਰਾਂ, ਅਦਾਲਤਾਂ ਜਾਂ ਜਾਂਚ ਏਜੰਸੀਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਅਦਾਲਤ ਵਿੱਚ ਕੇਸ ਸਿਰਫ ਤਿੰਨ ਸ਼ਮਸ਼ਾਨਘਾਟਾਂ ਨੂੰ ਆਧਾਰ ਬਣਾ ਕੇ ਲੜਿਆ ਗਿਆ, ਹੋਰ ਸ਼ਮਸ਼ਾਨਘਾਟਾਂ ਜਾਂ ਨਹਿਰਾਂ ਵਿੱਚ ਵਹਾਈਆਂ ਲਾਸ਼ਾਂ ਦੀ ਕੋਈ ਜਾਂਚ ਨਹੀਂ ਹੋਈ, ਇਸ ਲਈ 25000 ਲਾਵਾਰਿਸ ਲਾਸ਼ਾਂ ਦੀ ਗਿਣਤੀ ਇੱਕ ਅੰਦਾਜ਼ਨ ਗਿਣਤੀ ਹੈ, ਅਸਲ ਗਿਣਤੀ ਇਸ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਫਿਲਮ ਸਿਰਫ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਕੇੰਦਰਿਤ ਹੈ, ਕਿਸੇ ਵੀ ਧਰਮ ਦੇ ਹੱਕ ਜਾਂ ਵਿਰੋਧ ਵਿੱਚ ਪ੍ਰਚਾਰ ਨਹੀਂ ਕਰਦੀ, ਜਿਵੇਂ ਕੁੱਝ ਰਾਜਨੀਤਿਕ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੰਤ ਸਿੰਘ ਖਾਲੜਾ ਦਾ ਸੁਪਰੀਮ ਕੋਰਟ ਵਿੱਚ ਕੇਸ ਲੜਨ ਵਾਲੇ ਉਘੇ ਵਕੀਲ ਤੇ ਸਤਲੁਜ ਫਿਲਮ ਦੇ ਪਾਤਰ ਐਡ. ਅਸ਼ੋਕ ਅੱਗਰਵਾਲ ਨੇ ਗਿੱਲ ਪੈਲੇਸ ਵਿੱਚ ਸਿਵਲ ਸੁਸਾਇਟੀ ਮੋਗਾ ਵੱਲੋਂ ਆਪਸੀ ਸਦਭਾਵਨਾ ਨੂੰ ਮਜਬੂਤ ਕਰਨ ਲਈ ਕਰਵਾਏ ਗਏ ਸੰਪੋਜੀਅਮ ਵਿੱਚ ਪ੍ਰਗਟ ਕੀਤੇ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹਾਈਕੋਰਟ ਵਿੱਚ ਕੇਸ ਲੜਨ ਵਾਲੇ ਉਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਰਾਮ ਨਰਾਇਣ ਕੁਮਾਰ ਦੇ ਰੂਪ ਵਿੱਚ ਭਗਤ ਸਿੰਘ ਨੂੰ ਜਿਉਂਦੇ ਦੇਖਿਆ ਹੈ। ਮਨੁੱਖੀ ਅਧਿਕਾਰਾਂ ਤੇ ਸਭ ਤੋਂ ਵੱਧ ਕੰਮ ਕਰਨ ਵਾਲੇ ਗੁਲਸ਼ਨ ਕੁਮਾਰ ਅਤੇ ਉਘੇ ਵਕੀਲ ਰੰਜਨ ਲੱਖਨਪਾਲ ਦੇ ਬੇਟੇ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਉਦੋਂ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਮਰਨ ਵਾਲਿਆਂ ਦੀ ਸੂਚੀ ਵਿੱਚ ਕਿਹੜੇ ਧਰਮ ਦੇ ਲੋਕ ਹਨ ਪਰ ਅੱਜ ਜਦੋਂ ਫਿਰਕੂ ਲੀਡਰ ਸਵਾਲ ਚੁੱਕ ਰਹੇ ਹਨ ਤਾਂ ਸਾਡੇ ਲਈ ਰਾਹਤ ਵਾਲੀ ਗੱਲ ਹੈ ਕਿ ਇਸ ਸੂਚੀ ਵਿੱਚ ਸਭ ਧਰਮਾਂ ਦੇ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਹੱਕਾਂ ਦੀ ਲੜਾਈ ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਨੇ ਲੜੀ। ਉਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵਧੀਆ ਕੋਸ਼ਿਸ਼ ਕਰਨ ਲਈ ਸਿਵਲ ਸੁਸਾਇਟੀ ਮੋਗਾ ਵਧਾਈ ਦੀ ਪਾਤਰ ਹੈ। ਉਨ੍ਹਾਂ ਦੱਸਿਆ ਕਿ ਖਾਲੜਾ ਕਿਸੇ ਇੱਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਘਰਸ਼ ਵਿੱਚ ਨਹੀਂ ਕੁੱਦਿਆ ਸੀ ਬਲਕਿ 1982-83 ਵਿੱਚ ਬੈੰਕ ਦੀ ਨੌਕਰੀ ਛੱਡ ਕੇ ਉਹ ਲਗਾਤਾਰ ਮਨੁੱਖੀ ਅਧਿਕਾਰਾਂ ਤੇ ਕੰਮ ਕਰਦਾ ਹੋਇਆ ਕਰੀਬ 10 ਵਾਰ ਜੇਲ੍ਹ ਗਿਆ।
ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ਵੀ 30 ਸਾਲ ਪਹਿਲਾਂ ਨਾਲੋਂ ਬਿਹਤਰ ਨਹੀਂ ਕਿਉਂਕਿ 42 ਏਨਕਾਉੰਟਰ ਇਸ ਸਰਕਾਰ ਵਿੱਚ ਵੀ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਯੁਆਪਾ, ਐਨ ਐਸ ਏ, ਐਸ ਆਈ ਆਰ ਵਰਗੇ ਕਨੂੰਨ ਮਨੁੱਖੀ ਹਿੱਤਾਂ ਦਾ ਘਾਣ ਕਰਨ ਲਈ ਹੀ ਹੋਂਦ ਵਿੱਚ ਆਏ ਹਨ। ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਕਿਹਾ ਕਿ ਅਪਰਾਧੀ ਲੋਕਾਂ ਦੀ ਅਸਲ ਜਗ੍ਹਾ ਜੇਲ੍ਹ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਰਾਜਨੀਤੀ ਦੀ ਮਿਹਰਬਾਨੀ ਨਾਲ ਜੇਲਾਂ ਵਿੱਚ ਬੇਗੁਨਾਹਾਂ ਅਤੇ ਸਮਾਜ ਵਿੱਚ ਗੁਨਾਹਗਾਰਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਸਵੰਤ ਸਿੰਘ ਖਾਲੜਾ ਵਰਗੇ ਜਿੰਮੇਵਾਰ ਨਾਗਰਿਕ ਬਨਣ ਦੀ ਲੋੜ ਹੈ ਪਰ ਅਫਸੋਸ ਜਿਆਦਾਤਰ ਤੁਰਦੀਆਂ ਫਿਰਦੀਆਂ ਲਾਸ਼ਾਂ ਹਨ। ਐਡਵਾਈਜ਼ਰ ਅਜੇ ਗੋਰਾ ਸੂਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਿਲਮ ਨੂੰ ਦੇਖ ਕੇ ਭਰਮ ਭੁਲੇਖੇ ਦੂਰ ਕੀਤੇ ਜਾਣ ਅਤੇ ਆਪਸੀ ਸਦਭਾਵਨਾ ਮਜ਼ਬੂਤ ਕੀਤੀ ਜਾਵੇ ਤਾਂ ਜੋ ਰਾਜਨੀਤਿਕ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰਨ ਵਿੱਚ ਕਾਮਯਾਬ ਨਾਂ ਹੋ ਸਕਣ। ਸਮਾਗਮ ਦੇ ਅੰਤ ਵਿੱਚ ਉਕਤ ਮਹਿਮਾਨਾਂ ਨੇ ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਦੀ ਇੱਕ ਸੰਯੁਕਤ ਤਸਵੀਰ ਜਾਰੀ ਕੀਤੀ ਅਤੇ ਸਭ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸੰਚਾਲਨ ਪ੍ਰੋ. ਪੀ ਐਸ ਭੋਗਲ ਨੇ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਮਨੁੱਖੀ ਅਧਿਕਾਰ ਕਾਰਕੁੰਨ ਪ੍ਰਿਆ ਜੈਨ, ਡਾ ਕੁਲਦੀਪ ਸਿੰਘ ਗਿੱਲ, ਐ.ਡਵੋਕੇਟ ਵਿਜੇ ਧੀਰ, ਐਡ ਰਾਜੇਸ਼ ਸ਼ਰਮਾ, ਡਾ ਹਰਨੇਕ ਸਿੰਘ ਰੋਡੇ, ਬਲਵਿੰਦਰ ਸਿੰਘ, ਬੂਟਾ ਸਿੰਘ ਦੌਲਤਪੁਰਾ, ਗਿਆਨ ਸਿੰਘ, ਪ੍ਰੇਮ ਭੂਸ਼ਨ ਗੁਪਤਾ, ਜਤਿੰਦਰ ਸਿੰਘ ਬੇਦੀ, ਐਮ ਐਲ ਜੈਦਕਾ, ਅਸ਼ੋਕ ਧਵਨ, ਵਿਜੇ ਗੋਇਲ, ਪ੍ਰੋ ਰਾਣਾ ਸੂਦ, ਐਡ ਜਗਦੀਸ਼ ਬਾਵਾ, ਰਾਜਿੰਦਰ ਛਾਬੜਾ, ਸੰਜੀਵ ਸ਼ਰਮਾ, ਜਬਰਜੰਗ ਸਿੰਘ, ਸਿਵਲ ਸੁਸਾਇਟੀ ਮੈਂਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਵੀ ਪੀ ਸੇਠੀ, ਅਮਰ ਅਨੇਜਾ,ਪ੍ਰਿਤਪਾਲ ਸਿੰਘ ਲੱਕੀ ਗਿੱਲ, ਕੰਵਲਜੀਤ ਮਹੇਸਰੀ, ਐਡ ਰਵਿੰਦਰ ਕੌਰ, ਸੋਨੀਆ ਅਨੇਜਾ, ਹਰਪ੍ਰੀਤ ਕੌਰ ਧਾਲੀਵਾਲ, ਕਿਰਪਾਲ ਸਿੰਘ, ਸ਼ਿਵਚਰਨ ਸਿੰਘ, ਚਮਕੌਰ ਕੌਰੀ, ਅਕਬਰ ਚੜਿੱਕ ਆਦਿ ਤੋਂ ਇਲਾਵਾ ਸੈਂਕੜੇ ਲੋਕ ਹਾਜਰ ਸਨ।

ਪੱਤਰਕਾਰ ਹਮੀਰ ਸਿੰਘ
ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ
ਐਡਵੋਕੇਟ ਅਸ਼ੋਕ ਅੱਗਰਵਾਲ
ਪ੍ਰੋ. ਪੀ ਐਸ ਭੋਗਲ
ਵਕੀਲ ਰਾਜਵਿੰਦਰ ਸਿੰਘ ਬੈਂਸ