ਮੋਗਾ, 12 ਜੁਲਾਈ (ਜਸ਼ਨ ) : ਆਗਾਮੀ ਕਾਂਵੜ ਯਾਤਰਾ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੀ ਇੱਕ ਅਹਿਮ ਮੀਟਿੰਗ ਭਾਰਤ ਮਾਤਾ ਮੰਦਰ ਦੇ ਹਾਲ ਵਿੱਚ ਕਰਵਾਈ ਗਈ। ਮੀਟਿੰਗ ਦੌਰਾਨ ਕਾਂਵੜ ਯਾਤਰਾ ਦੇ ਸੁਚਾਰੂ ਸੰਚਾਲਨ, ਸ਼ਰਧਾਲੂਆਂ ਦੀ ਸੁਰੱਖਿਆ, ਸਹੂਲਤਾਂ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ, ਮੋਹਿਤ ਸ਼ਰਮਾ, ਅਮਿਤ ਮਿੱਤਲ, ਸੋਨੂੰ ਆਈ.ਟੀ.ਆਈ., ਰਾਜੇਂਦਰ ਟੰਡ, ਗਗਨ, ਰਮਨ ਕੁਮਾਰ, ਗੌਰਵ ਜੈਨ, ਡਾ. ਰਾਮਗੋਪਾਲ, ਕੁਸ਼, ਸਚਿਨ, ਰੂਬੀ, ਰਿੰਕੂ, ਵਿੱਕੀ, ਸਹਿਗਲ, ਸਤਨਾਮ ਅਤੇ ਦੀਪਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੇ ਸੇਵਾਦਾਰ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ ਅਤੇ ਅਮਿਤ ਮਿੱਤਲ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਵੜ ਯਾਤਰਾ ਨੂੰ ਲੈ ਕੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਮਾਰਗ 'ਤੇ ਆਉਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾਵੇਗਾ ਅਤੇ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ, ਤਾਂ ਜੋ ਭੋਲੇਨਾਥ ਦੇ ਭਗਤ ਆਪਣੀ ਕਾਂਵੜ ਯਾਤਰਾ ਨੂੰ ਸੁਰੱਖਿਅਤ, ਸੁਚੱਜੇ ਅਤੇ ਸ਼ਰਧਾ ਭਾਵ ਨਾਲ ਸੰਪੰਨ ਕਰ ਸਕਣ।