ਮੋਗਾ, 25 ਜੂਨ ( ਜਸ਼ਨ )- ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਪੰਚ ਪ੍ਰਧਾਨੀ, ਰਾਜਨੀਤਕ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਤੇ ਸਪੈਸ਼ਲ ਇਨਵਾਈਟੀਜ਼ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿੱਚ ਪੰਥ ਨੂੰ ਦਰਪੇਸ਼ ਅਹਿਮ ਮਸਲਿਆਂ ਅਤੇ 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕਿਹਾ ਗਿਆ ਕਿ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ- ਪ੍ਰਸਾਰ ਨੂੰ ਤੇਜ਼ ਕੀਤਾ ਜਾਵੇਗਾ ਅਤੇ ਪਾਰਟੀ ਦੇ ਸਮੁੱਚੇ ਜਥੇਬੰਦਕ ਢਾਂਚੇ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇ। ਆਗੂਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਯੂਥ ਵਿੰਗ, ਐਸਸੀ ਵਿੰਗ, ਕਿਸਾਨ ਵਿੰਗ, ਮਜ਼ਦੂਰ ਵਿੰਗ, ਵਪਾਰੀ ਵਿੰਗ ਦੇ ਸਮੁੱਚੇ ਢਾਂਚੇ ਦਾ ਗਠਨ ਅਤੇ ਅਹੁਦੇਦਾਰਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਇੱਕ-ਸੁਰ ਹੁੰਦਿਆਂ ਕਿਹਾ ਕਿ ਇਸ ਵੇਲੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਸਿੱਖ ਕੌਮ ਦੇ ਹਿੱਤਾਂ ਅਤੇ ਦਰਪੇਸ਼ ਮਸਲਿਆਂ ਨੂੰ ਜਾਣ ਬੁਝ ਕੇ ਗੈਰ ਲੋਕਤੰਤਰਿਕ ਢੰਗ ਨਾਲ ਅਣਗੌਲਿਆ ਕਰ ਰਹੀ ਹੈ। ਮੀਟਿੰਗ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਸਿੱਖ ਮਸਲਿਆਂ ਨੂੰ ਲੋਕਤੰਤਰਿਕ ਢੰਗ ਨਾਲ ਨਜਿੱਠਣ ਲਈ ਰੂਪ-ਰੇਖਾ ਵੀ ਤਿਆਰ ਕੀਤੀ ਗਈ।
ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਪਰਮਜੀਤ ਸਿੰਘ ਜੌਹਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਾਬਲ ਸਿੰਘ, ਬਾਬੂ ਸਿੰਘ ਬਰਾੜ, ਸੁਖਦੇਵ ਸਿੰਘ ਕਾਦੀਆਂ, ਰਛਪਾਲ ਸਿੰਘ ਸੋਸਣ, ਹਰਪ੍ਰੀਤ ਕੌਰ ਫਿਲੌਰ , ਲੱਖਾ ਸਿੰਘ ਸਿਧਾਣਾ, ਪ੍ਰਗਟ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਅਤੇ ਹਰਜੋਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।