ਮੋਗਾ ਦੇ ਗੋਲਡ ਕੋਸਟ ਕਲੱਬ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਚ ਸ਼ਾਮਿਲ ਪਤਵੰਤਿਆਂ ਨੂੰ ਸੰਬੋਧਨ ਕਰਦੇ ਮਾਹਰ

ਮੋਗਾ, 22 ਜੁਲਾਈ ( ਜਸ਼ਨ ) : ਆਈ.ਡੀ.ਪੀ. ਵੱਲੋਂ ਅੱਜ ਮੋਗਾ ਦੇ ਗੋਲਡ ਕੋਸਟ ਕਲੱਬ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਰੀਜਨਲ ਆਈਲੈਟਸ ਡਾਇਰੈਕਟਰ (ਦੱਖਣੀ ਏਸ਼ੀਆ, ਦੱਖਣੀ ਕੋਰੀਆ ਅਤੇ ਤਾਈਵਾਨ) ਇੰਦਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਇੰਦਰਪ੍ਰੀਤ ਸਿੰਘ ਨੇ 1 ਸਤੰਬਰ ਤੋਂ ਆਈਲੈਟਸ ਪ੍ਰੀਖਿਆ ਵਿੱਚ ਲਾਗੂ ਹੋਣ ਵਾਲੀਆਂ ਨਵੀਆਂ ਤਬਦੀਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨਵਾਂ ਆਈਲੈਟਸ ਫਾਰਮੈਟ ਵਿਦਿਆਰਥੀਆਂ ਲਈ ਪਹਿਲਾਂ ਨਾਲੋਂ ਹੋਰ ਵੱਧ ਸੁਵਿਧਾਜਨਕ ਅਤੇ ਲਾਭਕਾਰੀ ਹੋਵੇਗਾ। ਉਨ੍ਹਾਂ "ਰਾਈਟਿੰਗ ਆਨ ਪੇਪਰ" ਫਾਰਮੈਟ ਬਾਰੇ ਦੱਸਦਿਆਂ ਕਿਹਾ ਕਿ ਇਸ ਤਹਿਤ ਉਮੀਦਵਾਰਾਂ ਨੂੰ ਫਾਸਟ ਰਿਜ਼ਲਟ, ਵੱਧ ਟੈਸਟ ਮਿਤੀਆਂ ਅਤੇ ਵਨ ਸਕਿੱਲ ਰੀਟੇਕ (One Skill Retake) ਵਰਗੀਆਂ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਇੰਦਰਪ੍ਰੀਤ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਨ ਸਕਿੱਲ ਰੀਟੇਕ ਸਹੂਲਤ ਤਹਿਤ ਹੁਣ ਵਿਦਿਆਰਥੀਆਂ ਨੂੰ ਪੂਰਾ ਆਈਲੈਟਸ ਟੈਸਟ ਦੁਬਾਰਾ ਦੇਣ ਦੀ ਲੋੜ ਨਹੀਂ ਪਵੇਗੀ। ਜੇਕਰ ਕੋਈ ਵਿਦਿਆਰਥੀ ਕਿਸੇ ਇੱਕ ਸਕਿੱਲ ਵਿੱਚ ਆਪਣਾ ਸਕੋਰ ਸੁਧਾਰਨਾ ਚਾਹੁੰਦਾ ਹੈ ਤਾਂ ਉਹ ਸਿਰਫ਼ ਉਸੇ ਸਕਿੱਲ ਦੀ ਮੁੜ ਪ੍ਰੀਖਿਆ ਦੇ ਕੇ ਆਪਣਾ ਨਤੀਜਾ ਬਿਹਤਰ ਕਰ ਸਕੇਗਾ। ਇਸ ਸੈਮੀਨਾਰ ਵਿੱਚ ਮੋਗਾ ਤੋਂ ਇਲਾਵਾ ਫਿਰੋਜ਼ਪੁਰ, ਜਗਰਾਓਂ, ਕੋਟਕਪੂਰਾ, ਸ੍ਰੀ ਮੁਕਤਸਰ ਸਾਹਿਬ, ਜ਼ੀਰਾ ਅਤੇ ਬਾਘਾਪੁਰਾਣਾ ਸਮੇਤ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾਵਾਂ ਦੇ ਸੰਚਾਲਕਾਂ ਨੇ ਭਾਗ ਲਿਆ। ਸਾਰੇ ਭਾਗੀਦਾਰਾਂ ਨੇ ਆਉਣ ਵਾਲੀਆਂ ਤਬਦੀਲੀਆਂ ਨੂੰ ਧਿਆਨ ਨਾਲ ਸਮਝਿਆ ਅਤੇ ਆਈ.ਡੀ.ਪੀ. ਦੇ ਇਸ ਨਵੇਂ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਆਈ.ਡੀ.ਪੀ. ਵੱਲੋਂ ਕਰਤਾਰ ਸਿੰਘ, ਵਿਸ਼ਾਲ ਸੂਦ ਅਤੇ ਗਗਨਦੀਪ ਸੈਣੀ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।