ਹੁਸ਼ਿਆਰਪੁਰ, 2 ਅਗਸਤ(ਬਖਸ਼ੀ ): ਪੰਜਾਬ ਦੇ ਹੁਸ਼ਿਆਰਪੁਰ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਇਤਿਹਾਸ ਰਚਦਿਆਂ ਬੀਡਬਲਿਊਐਫ ਤਾਈਪੇ ਓਪਨ ਸੁਪਰ-300 ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ। ਫਾਈਨਲ ਵਿੱਚ ਤਨਵੀ ਨੇ ਵੀਅਤਨਾਮ ਦੀ ਤਜਰਬੇਕਾਰ ਖਿਡਾਰਨ ਨਗੁਏਨ ਥੁਈ ਲਿੰਹ ਨੂੰ 21-16, 21-16 ਨਾਲ ਹਰਾਕੇ ਆਪਣੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹਾਸਲ ਕੀਤੀ।
ਇਸ ਜਿੱਤ ਨਾਲ ਤਨਵੀ ਭਾਰਤ ਦੀਆਂ ਸਭ ਤੋਂ ਘੱਟ ਉਮਰ ਦੀਆਂ ਬੀਡਬਲਿਊਐਫ ਵਰਲਡ ਟੂਰ ਖਿਤਾਬ ਜੇਤੂਆਂ ਵਿੱਚ ਸ਼ਾਮਲ ਹੋ ਗਈ ਹੈ। ਕਰੀਬ 18 ਸਾਲਾਂ ਬਾਅਦ ਕਿਸੇ ਭਾਰਤੀ ਮਹਿਲਾ ਨੇ ਤਾਈਪੇ ਓਪਨ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ 2008 ਵਿੱਚ ਸਾਇਨਾ ਨੇਹਵਾਲ ਨੇ ਇਹ ਕਾਰਨਾਮਾ ਕੀਤਾ ਸੀ।

ਵਿਸ਼ਵ ਜੂਨੀਅਰ ਨੰਬਰ-1 ਰਹਿ ਚੁੱਕੀ ਤਨਵੀ ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਬੈਡਮਿੰਟਨ ਦੀ ਸਭ ਤੋਂ ਉਭਰਦੀ ਹੋਈ ਸਿਤਾਰਾ ਬਣ ਕੇ ਸਾਹਮਣੇ ਆਈ ਹੈ। ਜੂਨੀਅਰ ਪੱਧਰ 'ਤੇ ਕਈ ਇਤਿਹਾਸਕ ਪ੍ਰਾਪਤੀਆਂ ਤੋਂ ਬਾਅਦ ਉਸ ਨੇ ਸੀਨੀਅਰ ਸਰਕਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਰੈਂਕਿੰਗ ਵਿੱਚ ਟਾਪ-35 ਵਿੱਚ ਥਾਂ ਬਣਾਈ ਅਤੇ ਦੇਸ਼ ਦੀਆਂ ਸਭ ਤੋਂ ਹੋਣਹਾਰ ਨੌਜਵਾਨ ਸ਼ਟਲਰਾਂ ਵਿੱਚ ਆਪਣੀ ਪਛਾਣ ਬਣਾਈ।

ਤਨਵੀ ਦੀ ਇਸ ਸਫ਼ਲਤਾ ਦੇ ਪਿੱਛੇ ਉਸ ਦੀ ਮਾਂ ਅਤੇ ਕੋਚ ਮੀਨਾ ਸ਼ਰਮਾ ਦੀ ਸਾਲਾਂ ਦੀ ਮਿਹਨਤ, ਸਮਰਪਣ ਅਤੇ ਸਖ਼ਤ ਟ੍ਰੇਨਿੰਗ ਦਾ ਵੱਡਾ ਯੋਗਦਾਨ ਹੈ। ਹੁਸ਼ਿਆਰਪੁਰ ਦੇ ਸਥਾਨਕ ਕੋਰਟਾਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਅੰਤਰਰਾਸ਼ਟਰੀ ਮੰਚ ਤੱਕ ਪਹੁੰਚ ਗਿਆ ਹੈ ਅਤੇ ਮਾਂ-ਧੀ ਦੀ ਇਹ ਕਹਾਣੀ ਅਨੇਕਾਂ ਖਿਡਾਰੀਆਂ ਲਈ ਪ੍ਰੇਰਣਾ ਬਣ ਗਈ ਹੈ।

ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਤਨਵੀ ਦੀ ਜਿੱਤ ਨੂੰ ਪੰਜਾਬ ਬੈਡਮਿੰਟਨ ਲਈ ਇਤਿਹਾਸਕ ਪਲ ਕਰਾਰ ਦਿੱਤਾ।

ਉਨ੍ਹਾਂ ਕਿਹਾ, "ਇਹ ਪੰਜਾਬ ਬੈਡਮਿੰਟਨ ਅਤੇ ਪੂਰੇ ਭਾਰਤ ਲਈ ਬੇਹੱਦ ਮਾਣ ਵਾਲਾ ਪਲ ਹੈ। ਤਨਵੀ ਦੀ ਜਿੱਤ ਨੇ ਪੰਜਾਬ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। ਉਸ ਦੀ ਸਫ਼ਲਤਾ ਨਾਲ ਸਿਰਫ਼ ਵੱਡੇ ਸ਼ਹਿਰਾਂ ਹੀ ਨਹੀਂ, ਸਗੋਂ ਛੋਟੇ ਕਸਬਿਆਂ ਅਤੇ ਪੇਂਡੂ ਇਲਾਕਿਆਂ ਦੇ ਬੱਚੇ ਵੀ ਬੈਡਮਿੰਟਨ ਵੱਲ ਆਕਰਸ਼ਿਤ ਹੋ ਰਹੇ ਹਨ। ਪੰਜਾਬ ਤੋਂ ਹੋਰ ਨੌਜਵਾਨ ਖਿਡਾਰੀ ਰਾਸ਼ਟਰੀ ਟੀਮ ਅਤੇ ਰਾਸ਼ਟਰੀ ਕੈਂਪਾਂ ਤੱਕ ਪਹੁੰਚ ਰਹੇ ਹਨ। ਤਨਵੀ ਅੱਜ ਨੌਜਵਾਨ ਖਿਡਾਰੀਆਂ ਦੇ ਨਾਲ-ਨਾਲ ਮਾਪਿਆਂ ਲਈ ਵੀ ਪ੍ਰੇਰਣਾ ਬਣ ਗਈ ਹੈ, ਜੋ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵਧਾਉਣ ਲਈ ਉਤਸ਼ਾਹਿਤ ਕਰ ਰਹੇ ਹਨ।"
ਉਹਨਾਂ ਕਿਹਾ ਕਿ ਤਨਵੀ ਸ਼ਰਮਾ ਦੀ ਇਸ ਇਤਿਹਾਸਕ ਜਿੱਤ ਨਾਲ ਪੰਜਾਬ ਵਿੱਚ ਬੈਡਮਿੰਟਨ ਨੂੰ ਨਵੀਂ ਉਡਾਣ ਮਿਲਣ ਦੀ ਉਮੀਦ ਹੈ। ਹੁਸ਼ਿਆਰਪੁਰ ਦੀ ਇਸ ਧੀ ਨੇ ਨਾ ਸਿਰਫ਼ ਇੱਕ ਖਿਤਾਬ ਜਿੱਤਿਆ ਹੈ, ਸਗੋਂ ਇਹ ਸਾਬਤ ਕੀਤਾ ਹੈ ਕਿ ਲਗਨ, ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਛੋਟੇ ਸ਼ਹਿਰਾਂ ਦੇ ਬੱਚੇ ਵੀ ਵਿਸ਼ਵ ਪੱਧਰ 'ਤੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਸਕਦੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਮਾਣ ਅਤੇ ਖੁਸ਼ੀ ਦਾ ਮੌਕਾ ਹੈ।
ਉਨ੍ਹਾਂ ਕਿਹਾ, "ਤਨਵੀ ਨੇ ਸਾਬਤ ਕਰ ਦਿੱਤਾ ਹੈ ਕਿ ਛੋਟੇ ਸ਼ਹਿਰਾਂ ਦੇ ਖਿਡਾਰੀ ਵੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਸ ਦੀ ਇਹ ਇਤਿਹਾਸਕ ਉਪਲਬਧੀ ਹੁਸ਼ਿਆਰਪੁਰ ਅਤੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ।"