ਮੋਗਾ, 22 ਜੂਨ (ਜਸ਼ਨ ) ਅੱਜ ‘ਕੌਮਾਂਤਰੀ ਯੋਗਾ ਦਿਵਸ’ ਦੇ ਮੌਕੇ ’ਤੇ ਹੋਲੀ ਹਾਰਟ ਕਾਨਵੈਂਟ ਸਕੂਲ, ਮੋਗਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਕੋਰੋਨਾ ਕਾਲ ਤੋਂ ਬਾਅਦ ਸਿਹਤ ਪ੍ਰਤੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ, ਇਸ ਵਾਰ ਸਕੂਲ ਦੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ, ਡਾਇਰੈਕਟਰ ਸੁਭਾਸ਼ ਪਲਤਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਹੀ ਪੂਰੇ ਉਤਸ਼ਾਹ ਨਾਲ ਯੋਗਾਸਨ ਕੀਤੇ। ​ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਭਾਸ਼ ਪਲਤਾ ਨੇ ਸਭ ਨੂੰ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਯੋਗ ਕੇਵਲ ਇੱਕ ਦਿਨ ਦੀ ਕਸਰਤ ਨਹੀਂ, ਬਲਕਿ ਜੀਵਨ ਜਿਊਣ ਦੀ ਇੱਕ ਸਹੀ ਕਲਾ ਹੈ। ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਵਿਦਿਆਰਥੀਆਂ ਨਾਲ ਵੀਡੀਓ ਸੰਦੇਸ਼ ਰਾਹੀਂ ਰਾਬਤਾ ਕਾਇਮ ਕਰਦਿਆਂ ਯੋਗ ਦੇ ਕਈ ਬੇਮਿਸਾਲ ਫ਼ਾਇਦੇ ਸਾਂਝੇ ਕੀਤੇ। ​ਯੋਗ ਅਤੇ ਮੈਡੀਟੇਸ਼ਨ (ਧਿਆਨ) ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ, ਜਿਸ ਨਾਲ ਪੜ੍ਹਾਈ ਕਰਨ ਵਾਲੇ ਬੱਚਿਆਂ ਵਿਚ ਇਕਾਗਰਤਾ ਵਧਦੀ ਹੈ ਅਤੇ ਮਾਨਸਿਕ ਤਣਾਅ ਘੱਟ ਹੁੰਦਾ ਹੈ। ​ਵੱਖ-ਵੱਖ ਆਸਣ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਵਿਚ ਲਚਕਤਾ ਆਉਂਦੀ ਹੈ, ਜਿਸ ਨਾਲ ਹੱਡੀਆਂ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ। ਨਿਯਮਿਤ ਯੋਗ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਖੂਨ ਦਾ ਦੌਰਾ ਸਹੀ ਰਹਿੰਦਾ ਹੈ। ​ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਸਮੇਤ ਘਰਾਂ ਦੀਆਂ ਛੱਤਾਂ ਅਤੇ ਲਾਨ ਵਿਚ ਯੋਗਾ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਮੈਡਮ ਨੇ ਅਖੀਰ ਵਿਚ ਸਭ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਾਉਣ।