ਮੋਗਾ, 22 ਅਕਤੂਬਰ (ਜਸ਼ਨ ) :ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ-ਈਸੇ-ਖਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੰਦੀ ਹੈ। ਸਕੂਲ ਵਿੱਚ ਬੱਚਿਆਂ ਦੀ ਸਰੀਰਕ, ਮਾਨਸਿਕ ਅਤੇ ਬੌਧਿਕ ਯੋਗਤਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਹਿੰਮਤ, ਸਿਰਜਣਾਤਮਕਤਾ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਮਨੋਰੰਜਕ ਅਤੇ ਸਿੱਖਿਆਦਾਇਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ “ਅਡਵੈਂਚਰ ਫਨ ਕੈਂਪ” ਲਗਾਇਆ ਗਿਆ।ਇਸ ਕੈਂਪ ਵਿੱਚ ਨਰਸਰੀ ਤੋਂ ਲੈ ਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਬੱਚਿਆਂ ਲਈ ਮਨੋਰੰਜਨ ਅਤੇ ਰੋਮਾਂਚ ਨਾਲ ਭਰਪੂਰ ਪ੍ਰਬੰਧ ਕੀਤੇ ਗਏ। ਵਿਦਿਆਰਥੀਆਂ ਨੇ ਪਾਣੀ ਵਾਲੇ ਪੂਲ ਵਿੱਚ ਖੂਬ ਮਸਤੀ ਕੀਤੀ ਅਤੇ ਬੋਟਿੰਗ, ਸਲਾਈਡਿੰਗ, ਰੱਸੀ ’ਤੇ ਚੱਲਣ, ਮੈਰੀ-ਗੋ-ਰਾਊਂਡ, ਕੂਦਣ ਵਾਲੇ ਝੂਲਿਆਂ, ਰੋਲਰ ਗੱਡੀ, ਕਮਾਂਡੋ ਜੰਪ ਅਤੇ ਨੈੱਟ ਟ੍ਰੈਂਪੋਲਿਨ ਵਰਗੀਆਂ ਰੋਮਾਂਚਕ ਖੇਡਾਂ ਦਾ ਆਨੰਦ ਮਾਣਿਆ। ਇਨ੍ਹਾਂ ਖੇਡਾਂ ਰਾਹੀਂ ਬੱਚਿਆਂ ਨੂੰ ਕੁਝ ਨਵਾਂ ਕਰਨ ਅਤੇ ਆਪਣੇ ਹੁਨਰ ਨੂੰ ਪਰਖਣ ਦਾ ਮੌਕਾ ਮਿਲਿਆ।ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨਾਲ ਬੱਚਿਆਂ ਦੀ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਹੁੰਦਾ ਹੈ, ਸੋਚਣ-ਸਮਝਣ ਦੀ ਸਮਰੱਥਾ ਵਧਦੀ ਹੈ ਅਤੇ ਉਹ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਦੇ ਹਨ। ਇਸ ਦੇ ਨਾਲ ਹੀ ਬੱਚਿਆਂ ਵਿੱਚ ਆਪਸੀ ਸਹਿਯੋਗ, ਅਨੁਸ਼ਾਸਨ, ਹੌਸਲੇ ਅਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵਿਕਾਸ ਹੁੰਦਾ ਹੈ। ਕੈਂਪ ਦੌਰਾਨ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਬੱਚਿਆਂ ਦਾ ਹੌਸਲਾ ਵਧਾਇਆ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਕ ਪ੍ਰੋਗਰਾਮ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਨਵੀਆਂ ਚੀਜ਼ਾਂ ਸਿੱਖਣ, ਆਪਣੀਆਂ ਯੋਗਤਾਵਾਂ ਪਛਾਣਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਵੱਲੋਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।