ਅਮਰੀਕਾ,ਸਿਲਵਰ ਸਪਰਿੰਗ ,ਮੈਰੀਲੈਂਡ ,14 ਜੂਨ ( ਜਸ਼ਨ )ਅਮਰੀਕਾ ਦੀ ਗੁਰੂ ਨਾਨਕ ਫਾਊਂਡੇਸ਼ਨ GNFA ਇੱਕ ਅਜਿਹੀ ਸੰਸਥਾ ਹੈ ਜਿਸਦੀ ਸਥਾਪਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ; ਸਿੱਖ ਧਰਮ ਦੇ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਉਤਸ਼ਾਹਿਤ ਕਰਨਾ; ਨਿਯਮਿਤ ਤੌਰ 'ਤੇ ਸੰਗਤਾਂ ਦੇ ਸਹਿਯੋਗ ਨਾਲ ਦੀਵਾਨਾਂ ਦਾ ਆਯੋਜਨ ਕਰਨਾ ਅਤੇ ਗੁਰਪੁਰਬਾਂ ਦੇ ਨਾਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਤ ਹੋਰ ਖਾਸ ਮੌਕਿਆਂ ਨੂੰ ਉਚਿਤ ਢੰਗ ਨਾਲ ਮਨਾਉਣਾ ਅਤੇ ਮਨੁੱਖਤਾ ਦੇ ਭਲੇ ਲਈ ਗਤੀਵਿਧੀਆਂ ਨਿਰੰਤਰ ਜਾਰੀ ਰੱਖਣਾ ਸ਼ਾਮਿਲ ਹੈ ਇਸ ਕਰਕੇ ਹੁਣ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਆਫ਼ ਅਮਰੀਕਾ , ਓਲਡ ਕੋਲੰਬੀਆ ਪਾਈਕ, ਸਿਲਵਰ ਸਪਰਿੰਗ ਵਿਖੇ GNFA HEALTH CLINIC ਦੀ ਸ਼ੁਰੂਆਤ ਕੀਤੀ ਗਈ ਹੈ।
ਜੀ ਐੱਨ ਐੱਫ ਸਿਹਤ ਕਲੀਨਿਕ ਦੀ ਸ਼ੁਰੂਆਤ ਮੌਕੇ ਗੁਰੂਦਵਾਰਾ ਸਾਹਿਬ ਦੇ ਪ੍ਰਬੰਧਕ ਭਾਈ ਸਾਹਿਬ ਜਗਮੋਹਨ ਸਿੰਘ ਜੀ ਨੇ ਅਕਾਲ ਪੁਰਖ ਦੇ ਸਨਮੁੱਖ ਅਰਦਾਸ ਕੀਤੀ ਅਤੇ ਇਸ ਅਰਦਾਸ ਦੌਰਾਨ ਡਾਕਟਰ ਸਾਹਿਬਾਨ , ਸਹਾਇਕ ਕਲੀਨਿਕ ਦਾ ਸਟਾਫ ਅਤੇ ਸੰਗਤਾਂ ਹਾਜ਼ਰ ਸਨ ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਭਾਈ ਜਗਮੋਹਣ ਸਿੰਘ, ਭਾਈ ਹਰਮੋਹਨ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਨੁੱਖਤਾ ਨੂੰ ਸਮਰਪਿਤ ਇਸ ਕਲੀਨਿਕ ਵਿਚ ਹਰ 15 ਦਿਨਾਂ ਬਾਅਦ ਐਤਵਾਰ ਨੂੰ ਸੰਗਤਾਂ ਦੀ ਸਰੀਰਕ ਜਾਂਚ ਕੀਤੀ ਜਾਇਆ ਕਰੇਗੀ । ਉਹਨਾਂ ਕਿਹਾ ਕਿ ਡਾਕਟਰ ਸਾਹਿਬਾਨ ਦੀ ਨਸੀਹਤ ਨਾਲ ਸੰਗਤਾਂ ਬਿਨਾ ਕਿਸੇ ਫੀਸ ਦੇ, ਮੁਫ਼ਤ ਵਿਚ ਆਪਣਾ ਚੈੱਕ ਅੱਪ ਕਰਵਾ ਸਕਿਆ ਕਰਨਗੀਆਂ । ਉਹਨਾਂ ਇਹ ਵੀ ਦੱਸਿਆ ਕਿ ਮਹਿੰਗੇ ਲੈਬ ਟੈਸਟ, ਮਾਮੂਲੀ ਫੀਸ ਨਾਲ ਸੰਭਵ ਬਨਾਉਣ ਦੇ ਯਤਨ ਜਾਰੀ ਨੇ ।
ਇਸ ਮੌਕੇ ਸੰਗਤਾਂ ਵਿਚ ਕਲੀਨਿਕ ਦੀ ਅਰੰਭਤਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ । ਸੰਗਤਾਂ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੀ ਡਾਕਟਰੀ ਸਹੂਲਤ ਮੁਹਈਆ ਹੋਣ ਨਾਲ ਉਹਨਾਂ ਦੇ ਪੈਸੇ ਵੀ ਬੱਚਣਗੇ ਅਤੇ ਐਤਵਾਰ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਇਸ ਸਹੂਲਤ ਦਾ ਲਾਹਾ ਲੈ ਸਕਿਆ ਕਰੇਗੀ।

ਇਸ ਮੌਕੇ ਡਾਕਟਰ ਚਰਨਜੀਤ ਸਿੰਘ ਖੁਰਾਣਾ, ਡਾਕਟਰ ਸ਼ੀਨਾ ਖੁਰਾਣਾ , ਡਾਕਟਰ ਵਿਕਰਮ ਸਿੰਘ ਸੋਢੀ ਤੋਂ ਇਲਾਵਾ ਸਟਾਫ਼ ਮੈਂਬਰ ਕੁਲਜਿੰਦਰ ਕੌਰ ਅਤੇ ਸਿੰਮੀ ਭੰਵਰਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗੇ ਸਮਝਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ "ਸਰਬੱਤ ਦੇ ਭਲੇ "ਵਾਲੇ ਫਲਸਫੇ ਅਨੁਸਾਰ, ਉਹਨਾਂ ਨੂੰ ਸੰਗਤਾਂ ਦੀ ਸੇਵਾ ਦਾ ਵਡਭਾਗਾ ਮੌਕਾ ਮਿਲਿਆ ਹੈ ।ਉਹਨਾਂ ਸਪਸ਼ਟ ਕੀਤਾ ਕਿ ਇਹ ਸੇਵਾਵਾਂ ਪ੍ਰਮੁੱਖਤਾ ਨਾਲ ਉਹਨਾਂ ਸੰਗਤਾਂ ਲਈ ਨੇ, ਜਿਨਾਂ ਕੋਲ ਇੰਸ਼ੋਰੈਂਸ ਨਹੀਂ ਹੈ ਭਾਵ ਇਹ ਸੇਵਾ ਮੁੱਖ ਤੌਰ 'ਤੇ ਬੀਮਾ ਰਹਿਤ ਲੋਕਾਂ ਲਈ ਹੈ।ਡਾਕਟਰ ਸ਼ੀਨਾ ਖੁਰਾਣਾ ਨੇ ਕਿਹਾ ਕਿ ਮਰੀਜ਼ਾਂ ਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹੈ ਤਾਂ ਕਿ ਸਮੇਂ ਦਾ ਸਦਉਪਯੋਗ ਹੋ ਸਕੇ ਤੇ ਵੱਧ ਤੋਂ ਵੱਧ ਮਰੀਜ਼ਾਂ ਦਾ ਚੈੱਕ ਅੱਪ ਹੋ ਸਕੇ।
ਇਸ ਉਪਰੰਤ ਮਰੀਜ਼ਾਂ ਦੀ ਸ਼ਰੀਰਿਕ ਜਾਂਚ ਵੀ ਕੀਤੀ ਗਈ ਅਤੇ GNFA ਵਲੋਂ ਕੂਪਨ ਵੀ ਜਾਰੀ ਕੀਤੇ ਗਏ ਤਾਂ ਕਿ ਫਾਰਮੇਸੀਆਂ ਤੇ ਸਸਤੇ ਭਾਅ ਦਵਾਈਆਂ ਹਾਸਿਲ ਕੀਤੀਆਂ ਜਾ ਸਕਣ।
ਇਸ ਮੌਕੇ ਧਰਮਿੰਦਰ ਸਿੰਘ ,ਨਿਰਮਲ ਸਿੰਘ ਅਤੇ ਹੋਰਨਾਂ ਸੰਗਤਾਂ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਦਾ ਸ਼ੁਕਰੀਆ ਅਦਾ ਕੀਤਾ।

Please use above phone number to book an appointment