ਭਵਨ ਹੈਲਥ ਕੇਅਰ ਦੀ ਪਹਿਲ, ਗਰੀਬ ਲੋਕਾਂ ਨੂੰ ਘਰਾਂ ਦੇ ਨੇੜੇ ਮਿਲੇਗੀ ਮੁਫ਼ਤ ਜਾਂਚ ਤੇ ਦਵਾਈਆ

ਅੰਮ੍ਰਿਤਸਰ ਸਾਹਿਬ ,14 ਜੁਲਾਈ (ਜਸ਼ਨ )ਅੰਮ੍ਰਿਤਸਰ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿੱਚ ਹੀ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਭਵਨ ਹੈਲਥ ਕੇਅਰ ਵੱਲੋਂ ਸ਼ੁਰੂ ਕੀਤੀ ਗਈ 'ਹੈਲਥ ਕੇਅਰ ਆਨ ਵ੍ਹੀਲਜ਼' ਮੋਬਾਈਲ ਮੈਡੀਕਲ ਵੈਨ ਦੀ ਸੇਵਾ ਹੁਣ ਵੱਖ-ਵੱਖ ਇਲਾਕਿਆਂ ਤੱਕ ਪਹੁੰਚੇਗੀ। ਪਿਛਲੇ ਦਿਨੀਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਇਸ ਮੋਬਾਈਲ ਮੈਡੀਕਲ ਵੈਨ ਦਾ ਉਦਘਾਟਨ ਕੀਤਾ ਗਿਆ ਸੀ। ਇਸੇ ਲੜੀ ਤਹਿਤ ਬਟਾਲਾ ਰੋਡ ਸਥਿਤ ਬਾਂਕੇ ਬਿਹਾਰੀ ਗਲੀ ਵਿਖੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਮੋਬਾਈਲ ਵੈਨ ਦੀ ਸੇਵਾ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਭਵਨ ਐੱਸ.ਐੱਲ. ਪਬਲਿਕ ਸਕੂਲ ਵੱਲੋਂ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੀ ਭਾਵਨਾ ਨਾਲ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਂਕੇ ਬਿਹਾਰੀ ਗਲੀ, ਮੁਸਤਫਾਬਾਦ, ਲਕਸ਼ਮੀ ਬਿਹਾਰ, ਰਾਮ ਬਲੀ ਚੌਕ, ਜਵਾਹਰ ਨਗਰ, ਵਿਜੇ ਨਗਰ ਅਤੇ ਟੰਡਨ ਨਗਰ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੂੰ ਹੁਣ ਆਪਣੇ ਨੇੜੇ ਹੀ ਸਿਹਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਇਹ ਮੋਬਾਈਲ ਮੈਡੀਕਲ ਵੈਨ ਬਾਂਕੇ ਬਿਹਾਰੀ ਗਲੀ ਵਿੱਚ ਲੋਕਾਂ ਦੀ ਸੇਵਾ ਲਈ ਉਪਲਬਧ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੋਬਾਈਲ ਵੈਨ ਵਿੱਚ ਡੈਂਟਲ ਚੇਅਰ, ਮਾਹਿਰ ਡੈਂਟਿਸਟ ਅਤੇ ਜਨਰਲ ਫਿਜ਼ੀਸ਼ੀਅਨ ਦੀ ਸਹੂਲਤ ਮੌਜੂਦ ਹੈ, ਜਿੱਥੇ ਲੋਕਾਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੀਤਾ ਜਾਵੇਗਾ ਅਤੇ ਲੋੜੀਂਦੀਆਂ ਦਵਾਈਆਂ ਵੀ ਬਿਨਾਂ ਕਿਸੇ ਖਰਚੇ ਦੇ ਦਿੱਤੀਆਂ ਜਾਣਗੀਆਂ। ਇਸ ਮੌਕੇ ਭਵਨ ਹੈਲਥ ਕੇਅਰ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਜਾਂਚ ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ ਲੋੜਵੰਦ ਲੋਕ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ। ਜਾਣਕਾਰੀ ਅਨੁਸਾਰ ਇਹ ਮੋਬਾਈਲ ਮੈਡੀਕਲ ਵੈਨ ਅੰਮ੍ਰਿਤਸਰ ਦੇ ਇਸਲਾਮਾਬਾਦ ਰਤਨ ਸਿੰਘ ਚੌਂਕ ਅਤੇ ਬਟਾਲਾ ਰੋਡ ਸਥਿਤ ਬਾਂਕੇ ਬਿਹਾਰੀ ਗਲੀ ਵਿੱਚ ਹਫ਼ਤੇ ਦੌਰਾਨ ਦੋ-ਦੋ ਦਿਨ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ।