ਜ਼ੀਰਾ, 9 ਅਕਤੂਬਰ (ਤੀਰਥ ਸਨ੍ਹੇਰ): ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਪ੍ਰਕੋਪ, ਮਹਿਲਾਵਾਂ ਨਾਲ ਕੀਤੇ ਵਾਅਦਿਆਂ ਅਤੇ ਲੋਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਢੀ ‘ਪੰਜਾਬ ਬਚਾਓ ਯਾਤਰਾ-ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ’ ਮੁਹਿੰਮ ਤਹਿਤ ਜ਼ੀਰਾ ਦੇ ਫਿਰੋਜ਼ਪੁਰ ਰੋਡ ਸਥਿਤ ਸ਼ਹਿਨਸ਼ਾਹ ਪੈਲੇਸ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਕਰਵਾਈ ਗਈ ਇਸ ਰੈਲੀ ਵਿੱਚ ਪਾਰਟੀ ਦੇ ਉੱਚ ਅਹੁਦੇਦਾਰਾਂ, ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਰਾਜਨੀਤਿਕ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਅਸਲ ਸਮੱਸਿਆਵਾਂ, ਚੁਣੌਤੀਆਂ ਅਤੇ ਪੰਜਾਬੀਆਂ ਦੇ ਦਰਦ ਨੂੰ ਸਿਰਫ਼ ਤੇ ਸਿਰਫ਼ ਇੱਕ ਖੇਤਰੀ ਪਾਰਟੀ ਹੀ ਚੰਗੀ ਤਰ੍ਹਾਂ ਸਮਝ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਲੋੜਾਂ, ਹੱਕਾਂ ਅਤੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਅਨੁਸਾਰ ਦਿਨ-ਰਾਤ ਸਮਰਪਿਤ ਹੋ ਕੇ ਕੰਮ ਕਰਦੀ ਹੈ। ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਖੇਤਰੀ ਪਾਰਟੀ ਦਾ ਪੰਜਾਬ ਦੀ ਪਵਿੱਤਰ ਧਰਤੀ ਅਤੇ ਇੱਥੋਂ ਦੇ ਲੋਕਾਂ ਨਾਲ ਸਿੱਧਾ ਅਤੇ ਆਤਮਿਕ ਜੁੜਾਅ ਹੁੰਦਾ ਹੈ, ਜਿਸ ਨੇ ਹਮੇਸ਼ਾ ਪੰਜਾਬ ਵਿੱਚ ਰਹਿ ਕੇ ਹੀ ਲੋਕਾਂ ਦੇ ਦੁੱਖ-ਦਰਦ ਵੰਡਾਉਣੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੁੰਦਾ ਹੈ। ਦਿੱਲੀ ਤੋਂ ਚੱਲਣ ਵਾਲੀਆਂ ਰਾਸ਼ਟਰੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਪਾਰਟੀਆਂ ਕਦੇ ਹਰਿਆਣਾ, ਕਦੇ ਗੁਜਰਾਤ, ਕਦੇ ਮਹਾਰਾਸ਼ਟਰ ਅਤੇ ਕਦੇ ਹੋਰਨਾਂ ਸੂਬਿਆਂ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਦੇ ਚੱਕਰ ਵਿੱਚ ਰਹਿੰਦੀਆਂ ਹਨ, ਜਿਸ ਕਰਕੇ ਉਨ੍ਹਾਂ ਲਈ ਪੰਜਾਬ ਦੇ ਹਿੱਤ ਕਦੇ ਵੀ ਪਹਿਲ ਦੇ ਆਧਾਰ ’ਤੇ ਨਹੀਂ ਹੁੰਦੇ।
ਉਨ੍ਹਾਂ ‘ਆਪ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਤਨਜ਼ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਕਮਾਂਡ ਹੇਠ ਚੱਲਦਾ ਹੈ, ਜਦਕਿ ਮੌਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਦਿੱਲੀ ਦੀ ਰਿਮੋਟ ਕੰਟਰੋਲ ਕਮਾਂਡ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅਕਾਲੀ ਦਲ ਜੋ ਵੀ ਵਾਅਦੇ ਕਰਦਾ ਹੈ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਯਤਨ ਕਰਦਾ ਹੈ। ਸੂਬੇ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸੰਸਦ ਮੈਂਬਰ ਨੇ ਪੁਲਿਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਮਹਿਜ਼ ਪੰਜ ਮਹੀਨਿਆਂ ਦੌਰਾਨ ਪੰਜਾਬ ਵਿੱਚ ਪੰਜ ਏ.ਐੱਸ.ਆਈਜ਼. ’ਤੇ ਜਾਨਲੇਵਾ ਹਮਲੇ ਹੋਣ ਦੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਜਵਾਨ ਹੀ ਸੁਰੱਖਿਅਤ ਨਹੀਂ ਹਨ, ਤਾਂ ਸੂਬੇ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਾਮਨੀ ਕੌਣ ਭਰੇਗਾ? ਇਸ ਦੇ ਨਾਲ ਹੀ ਉਨ੍ਹਾਂ ਗੈਂਗਸਟਰਵਾਦ ਦੇ ਮੁੱਦੇ ’ਤੇ ਵੀ ’ਆਪ’ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸੰਗੀਨ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਰਾਜਨੀਤਿਕ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਅਤੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ, ਜੋ ਕਿ ਸਮਾਜ ਦੀ ਸ਼ਾਂਤੀ ਲਈ ਅਤਿ ਚਿੰਤਾਜਨਕ ਹੈ। ਨਸ਼ਿਆਂ ਦੇ ਵਧ ਰਹੇ ਕੋਹੜ ਬਾਰੇ ਬੋਲਦਿਆਂ ਉਨ੍ਹਾਂ ਪਿੰਡ ਠੱਠੇ ਸਾਹਿਬ ਦੀ ਬੇਬੇ ਪ੍ਰੀਤਮ ਕੌਰ ਦੀ ਦਰਦਨਾਕ ਮਿਸਾਲ ਦਿੱਤੀ, ਜਿਨ੍ਹਾਂ ਦੇ ਚਾਰ ਪੋਤਰੇ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਬੀਬਾ ਬਾਦਲ ਨੇ ਸੰਗਤ ਨਾਲ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਇਸ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਿਆ ਜਾਵੇਗਾ।
ਖ਼ਬਰਾਂ
ਹਰਸਿਮਰਤ ਕੌਰ ਬਾਦਲ ਨੇ ਜ਼ੀਰਾ ਰੈਲੀ ’ਚ ‘ਆਪ’ ਸਰਕਾਰ ’ਤੇ ਸਾਧਿਆ ਤਿੱਖਾ ਨਿਸ਼ਾਨਾ,ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਸਟਰਵਾਦ ਅਤੇ ਵਧ ਰਹੇ ਨਸ਼ਿਆਂ ਦੇ ਮੁੱਦੇ ’ਤੇ ਘੇਰਿਆ
9 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



