ਜੈਤੋ, 11 ਮਈ (ਮਨਜੀਤ ਸਿੰਘ ਢੱਲਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਸਵਤੀ ਸੀਨੀਅਰ ਸੈਕੈਂਡਰੀ ਸਕੂਲ, ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ।
ਹਰਲੀਨ ਸ਼ਰਮਾ, ਜੋ ਕਿ ਜਸਵਿੰਦਰ ਸ਼ਰਮਾ ਦੀ ਪੁੱਤਰੀ ਹੈ, ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਇਹ ਵੱਡੀ ਉਪਲਬਧੀ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਉਸ ਦੀ ਇਸ ਕਾਮਯਾਬੀ ‘ਤੇ ਸਰਸਵਤੀ ਸੀਨੀਅਰ ਸੈਕੈਂਡਰੀ ਸਕੂਲ ਜੈਤੋ ਦੀ ਪ੍ਰਿੰਸੀਪਲ ਮੈਡਮ ਕੁਸਮ ਕਾਲੜਾ, ਸਮੂਹ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਵੱਲੋਂ ਉਸ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ। ਮੋਗਾ ਤੋਂ ਸਟੇਟ ਅਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਕਿਹਾ ਕਿ ਪੰਜਾਬ ਨੂੰ ਧੀਆਂ ਤੇ ਮਾਣ ਹੈ ।
ਨਤੀਜੇ ਦੀ ਖ਼ਬਰ ਮਿਲਣ ‘ਤੇ ਵਿਦਿਆਰਥਣ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਹਰਲੀਨ ਸ਼ਰਮਾ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।