ਮੋਗਾ,20 ਜੂਨ (ਜਸ਼ਨ )ਹਰਜੀਤ ਕੌਰ ਗਿੱਲ ਦੀ ਪੁਸਤਕ “ਰਾਜ ਕਰੇਗਾ ਖਾਲਸਾ” ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ , ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਭਾਈਚਾਰੇ, ਸਿੱਖ ਕੌਮ ਦੇ ਸ਼ਹੀਦਾਂ ਅਤੇ ਇਸ ਦੁਨੀਆ ਦੇ ਸਾਰੇ ਖ਼ੂਬਸੂਰਤ ਤੇ ਜ਼ਹੀਨ ਇਨਸਾਨਾਂ ਨੂੰ ਸਮਰਪਿਤ ਕੀਤੀ ਗਈ ਹੈ, ਇੱਕ ਇਤਿਹਾਸਕ ਦਸਤਾਵੇਜ਼ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਵਾਰਤਕ ਵਿੱਚ ਲਿਖੀ ਇਸ ਪੁਸਤਕ ਰਾਹੀਂ ਵੱਖ-ਵੱਖ ਲੇਖਾਂ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਭਾਵਨਾਤਮਕ ਜਾਣਕਾਰੀ ਦਿੱਤੀ ਗਈ ਹੈ। ਹਰਜੀਤ ਕੌਰ ਗਿੱਲ ਚਮਤਕਾਰੀ ਸਿਰਜਨਾਤਮਕ ਪ੍ਰਤਿਭਾ ਦੀ ਪ੍ਰਤਿਬੱਧ ਲੇਖਕ ਹੈ, ਜੋ ਸਮਕਾਲ ਦੀਆਂ ਹਕੀਕਤਾਂ ਦੇ ਰੂ-ਬ-ਰੂ ਹੁੰਦੀ ਹੈ। ਆਪਣੇ ਵੱਖ-ਵੱਖ ਲੇਖਾਂ ਰਾਹੀਂ ਉਹ ਵਿਚਾਰਧਾਰਕ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ। ਉਹ ਵਕਤ ਦੀ ਅੱਖ ਵਿੱਚ ਅੱਖ ਪਾ ਕੇ ਤੁਰਦੀ ਹੈ ਅਤੇ ਭਵਿੱਖ ਦੀ ਪੰਜਾਬੀ ਹਿੰਮਤ ਦਾ ਨਕਸ਼ਾ ਉਲੀਕਦੀ ਹੈ। ਉਸਨੂੰ ਸ਼ਬਦਾਂ ਨੂੰ ਹਥਿਆਰ ਵਾਂਗ ਵਰਤਣ ਦੀ ਜਾਂਚ ਆਉਂਦੀ ਹੈ। ਮੇਰਾ ਸੋਹਣਾ ਪੰਜਾਬ ਤੇ ਅੰਮ੍ਰਿਤਸਰ-ਸਿਫਤੀ ਦਾ ਘਰ, ਵਿੱਚ ਉਹ ਪੰਜਾਬੀਅਤ ਤੇ ਸੱਭਿਆਚਾਰਕ ਪਰੰਪਰਾਵਾਂ ਰਾਹੀਂ ਬਹੁਤ ਵਧੀਆ ਚਿਤਰਣ ਪੇਸ਼ ਕਰਦਿਆਂ ਅਜਿਹੀ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ, ਜੋ ਪਾਠਕਾਂ ਲਈ ਬਹੁਤ ਨਿਵੇਕਲੀ ਤੇ ਲਾਹੇਵੰਦ ਹੈ।ਇਤਿਹਾਸਿਕ ਵੇਰਵੇ ਤੇ ਗੁਰਬਾਣੀ ਨਾਲ ਸਬੰਧਿਤ ਤੁਕਾਂ ਰਾਹੀਂ ਉਹ ਵਾਰਤਕ ਵਿੱਚ ਇੱਕ ਸੋਹਜ ਪੈਦਾ ਕਰਦੀ ਹੈ। ਹਰਜੀਤ ਕੌਰ ਗਿੱਲ ਦਾ ਇਹ ਮੀਰੀ ਗੁਣ ਹੈ ਕਿ ਕਲਾ ਤੇ ਰੂਪ ਪੱਖੋਂ ਉਸਦੀ ਨਿਰੰਤਰ ਤੇ ਨਿਰਵਿਘਨ ਸਾਧਨਾਂ ਦਾ ਇੱਕ ਟਕਸਾਲੀ ਪ੍ਰਮਾਣ ਨਿਖ਼ਰ ਕੇ ਸਾਹਮਣੇ ਆਉਂਦਾ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਸਬੰਧੀ ਉਹਨਾਂ ਦੀ ਪ੍ਰਤਿਭਾ, ਚੁੰਬਕੀ ਸ਼ਖਸ਼ੀਅਤ ਅਤੇ ਵਿਚਾਰਧਾਰਾ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਗਿਆ ਹੈ। ਜੋ ਬਿਆਨ ਕਰਦੇ ਹਨ ਕਿ ਮੁੱਢ ਸਿੱਖ ਹੈ- ਪੁਰਾਣੇ ਸਭ ਗੁਰੂ, ਪੀਰ-ਫ਼ਕੀਰ ਤੇ ਪੈਗੰਬਰ ਸਾਬਤ-ਸਬੂਤ ਸਿੱਖ ਰੂਪ ਵਿੱਚ ਸਨ। ਵਿਚਾਰਧਾਰਕ ਤੌਰ ਤੇ ਉਹ ਸਿੱਖ ਧਰਮ ਨਾਲ ਪਿਆਰ ਕਰਦੇ ਸਨ ਪਰ ਕਿਸੇ ਹੋਰ ਧਰਮ ਨਾਲ ਨਫ਼ਰਤ ਦਾ ਮਾਦਾ ਨਹੀਂ ਸੀ ਰੱਖਦੇ। ਕੁਦਰਤ ਤੇ ਸ਼ਕਤੀ ਸਿੱਖ ਦੀ ਅਸਲੀ ਪਹਿਚਾਣ ਹੈ। ਕਿਰਪਾਨ ਏਕਤਾ ਦੀ ਪ੍ਰਤੀਕ ਹੈ। ਮੁੱਢ ਸਿੱਖ ਹੈ, ਬਾਕੀ ਟਹਿਣੀਆਂ ਹਨ ।
ਪੁਸਤਕ ਦੇ ਲੇਖਾਂ ਵਿੱਚੋਂ ਇਹ ਗੱਲ ਨਿਖ਼ਰ ਕੇ ਸਾਹਮਣੇ ਆਉਂਦੀ ਹੈ ਕਿ ਹਰਜੀਤ ਕੌਰ ਗਿੱਲ ਪੰਜਾਬ ਨੂੰ ਹਰ ਪੱਖੋਂ ਬਚਾਉਣ ਤੇ ਪੁਸਤਕਾਂ ਦਾ ਸੱਭਿਆਚਾਰ ਉਸਾਰਨ ਵਿੱਚ ਪਹਿਲ ਕਦਮੀ ਕਰਨ ਲਈ ਵਚਨਬੱਧ ਹੈ। ਖ਼ਾਲਸਾ ਰਾਜ ਅਤੇ ਖ਼ਾਲਿਸਤਾਨ ਸਬੰਧੀ ਵਿਚਾਰਧਾਰਕ ਸਾਂਝ ਵਿੱਚ ਉਹ ਸੰਤੁਲਨ ਰੱਖਦੀ ਹੈ ਅਤੇ ਕਿਤੇ ਵੀ ਜਜ਼ਬਾਤੀ ਰੌਂ ਵਿੱਚ ਆ ਕੇ ਉਲਾਰ ਨਹੀਂ ਹੁੰਦੀ।ਵੱਖ-ਵੱਖ ਉਦਾਹਰਨਾਂ ਤੇ ਮਿਸਾਲਾਂ ਦੇ ਕੇ ਉਹ ਸਬੰਧਿਤ ਵਿਸ਼ੇ ਨਾਲ ਪੂਰਾ ਇਨਸਾਫ਼ ਕਰਦੀ ਹੈ ਅਤੇ ਨਿਵੇਕਲੀ ਜਾਣਕਾਰੀ ਪ੍ਰਦਾਨ ਕਰਨਾ, ਇੱਕ ਲੇਖਕ ਦੇ ਤੌਰ ਤੇ ਉਸਦੀ ਸਫ਼ਲਤਾ ਦਾ ਸੂਚਕ ਹੈ। ਉਹ ਭਲੀਭਾਂਤ ਮਹਿਸੂਸ ਕਰਦੀ ਹੈ ਕਿ ਚੰਗੀਆਂ ਕਿਤਾਬਾਂ,ਕਿਸੇ ਮਹਾਨ ਵਿਅਕਤੀ ਨਾਲ ਗੱਲ ਕਰਨ ਦੇ ਬਰਾਬਰ ਹਨ ਅਤੇ ਬੌਧਿਕ ਤੇ ਮਾਨਸਿਕ ਸਮਰੱਥਾ ਵਿੱਚ ਵਾਧਾ ਕਰਦੀਆਂ ਹਨ। ਨਿਰਸੰਦੇਹ ਹਰਜੀਤ ਕੌਰ ਗਿੱਲ ਦੇ ਇਰਾਦੇ ਬਲਵਾਨ ਹਨ। ਉਹ ਪਰਪੱਕ ਹਨੇਰੇ ਦੀਆਂ ਤਾਕਤਾਂ ਵਿਰੁੱਧ ਇੱਕ ਜੰਗ ਲੜ ਰਹੀ ਹੈ ਅਤੇ ਉਸਦੇ ਬੋਲਾਂ ਵਿੱਚ ਯੁੱਗ ਚੇਤਨਾ ਦਾ ਵਾਸਾ ਹੈ। ਹਰ ਪਾਠਕ ਲਈ ਇਹ ਪੁਸਤਕ ਇੱਕ ਮੀਲ ਪੱਥਰ ਅਤੇ ਪੜ੍ਹਨ ਯੋਗ ਹੈ। ਇਸ ਪੁਸਤਕ ਦੀ ਆਮਦ ਤੇ ਮੈਂ ਹਰਜੀਤ ਕੌਰ ਗਿੱਲ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।