***ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਮੇਲੇ ਦਾ ਮਾਣਿਆ ਆਨੰਦ
***ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ਨਿਊਯਾਰਕ ਦਾ "ਪੰਜਾਬ ਡੇ ਮੇਲਾ"
ਨਿਊਯਾਰਕ, 16 ਮਈ (ਸੁਰਜੀਤ ਸਿੰਘ ਕਾਉਂਕੇ)
ਪੰਜਾਬੀਆਂ ਵਿੱਚ ਮੇਲੇ ਜਾਣਾ ਇੱਕ ਉਤਸ਼ਾਹ ਪੈਦਾ ਕਰਦਾ ਹੈ ਕਿਉਂਕਿ ਉਹ ਮੇਲੇ ਵਿੱਚ ਫਿਕਰ ਫਾਕਿਆਂ ਨੂੰ ਛੱਡ ਕੇ ਨੱਚ ਟੱਪ ਕੇ, ਖਾ ਪੀ ਕੇ ਅਤੇ ਖਰੀਦੋ ਫਰੋਖਤ ਕਰਕੇ ਅਨੰਦ ਮਾਣਦੇ ਹਨ।
“ਸਾਂਝਾ ਪੰਜਾਬ” ਤੋਂ ਬਲਵਿੰਦਰ ਸਿੰਘ ਬਾਜਵਾ ਹੋਣਾਂ ਨੇ ਨਿਊਯਾਰਕ ਵਿੱਚ ਪੰਜਾਬ ਡੇ ਮੇਲੇ ਦਾ ਆਯੋਜਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹੁੰਗਾਰਾ ਭਰਿਆ ਅਤੇ ਨੱਚ ਟੱਪ ਕੇ ਪਰਿਵਾਰਾਂ ਸਮੇਤ ਮੇਲੇ ਦਾ ਆਨੰਦ ਮਾਣਿਆ।
ਇਸ ਮੇਲੇ ਵਿੱਚ ਜਿੱਥੇ ਗਿੱਧਾ ਭੰਗੜਾ, ਖਾਣ ਪੀਣ ਦੀਆਂ ਸਟਾਲਾਂ, ਕਾਰਪੋਰੇਟ ਬੂਥ ਅਤੇ ਖਰੀਦੋ ਫਰੋਕਤ ਦੀਆਂ ਸਟਾਲਾਂ ਵੇਖਣ ਨੂੰ ਮਿਲੀਆਂ ਉੱਥੇ ਹੀ ਪੰਜਾਬੀ ਗਾਇਕੀ ਦਾ ਖੁੱਲਾ ਅਖਾੜਾ ਆਏ ਹੋਏ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਘੰਟਿਆਂ ਬੱਧੀ ਚੱਲਿਆ।
ਮੇਲੇ ਦੀ ਸ਼ੁਰੂਆਤ ਪ੍ਰਭ ਸਿਆਨ ਨੇ ਆਪਣੀ ਫੋਕ ਰੰਗ ਦੀ ਗਾਇਕੀ ਨਾਲ ਕੀਤੀ।
ਇਸ ਤੋਂ ਬਾਅਦ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਪੁੱਜੀ ਗਾਇਕਾ ਹਰਮਨਦੀਪ ਨੇ ਆਪਣੇ ਹਿੱਟ ਗੀਤਾਂ ਦੀ ਛੈਬਰ ਲਾ ਦਿੱਤੀ। ਉਸ ਦਾ ਗੀਤ "ਦੁਨੀਆ ਮਤਲਬ ਦੀ" ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ।
ਇਸ ਤੋਂ ਬਾਅਦ ਜਦ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਹੋਏ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਹਰਭਜਨ ਮਾਨ ਸਟੇਜ ਤੇ ਆਏ ਤਾਂ ਮੇਲੇ ਦਾ ਵੱਖਰਾ ਹੀ ਰੰਗ ਵੇਖਣ ਨੂੰ ਮਿਲਿਆ। ਹਰਭਜਨ ਮਾਨ ਨੇ ਧਾਰਮਿਕ ਗੀਤ ਤੋਂ ਬਾਅਦ ਮਦਰਸ ਡੇ ਤੇ ਵਿਸ਼ੇਸ਼ ਤੌਰ ਤੇ ਮਾਂ ਦਾ ਗੀਤ ਗਾ ਕੇ ਮਾਹੌਲ ਨੂੰ ਪਰਿਵਾਰਕ ਬਣਾ ਦਿੱਤਾ। ਇਸ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਇੱਕ ਤੋਂ ਇੱਕ ਹਿੱਟ ਗੀਤਾਂ ਦੀ ਝੜੀ ਲਾ ਦਿੱਤੀ। ਜਿੱਥੇ ਹਰਭਜਨ ਮਾਨ ਨੇ ਪਰਿਵਾਰਕ ਗੀਤਾਂ ਦੇ ਨਾਲ ਸਮਾਂ ਬੰਨਿਆ ਤੇ ਨਾਲ ਹੀ ਨੱਚਣ ਟੱਪਣ ਵਾਲੇ ਗੀਤਾਂ ਦੇ ਨਾਲ ਆਏ ਹੋਏ ਦਰਸ਼ਕਾਂ ਨੂੰ ਖੂਬ ਨਚਾਇਆ। ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਰਭਜਨ ਮਾਨ ਦੇ ਹਿੱਟ ਗੀਤਾਂ ਤੇ ਭੰਗੜਾ ਪਾ ਕੇ ਮੇਲੇ ਨੂੰ ਅਸਲ ਵਿੱਚ ਪੰਜਾਬ ਵਰਗਾ ਮੇਲਾ ਬਣਾ ਦਿੱਤਾ। ਜਿੱਥੇ ਹਰਭਜਨ ਮਾਨ ਨੇ ਜੱਗ ਜਿਉਂਦਿਆਂ ਦੇ ਮੇਲੇ ਗੀਤ ਗਾਇਆ ਤੇ ਨਾਲ ਹੀ ਉਸ ਦਾ ਹਿਟ ਗੀਤ ਗੱਲਾਂ ਗੋਰੀਆਂ ਦੇ ਵਿੱਚ ਟੋਏ ਤੇ ਵੀ ਲੋਕ ਥਿਰਕਦੇ ਨਜ਼ਰ ਆਏ।
ਮੇਲੇ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਾਲੀ ਐਕਟੀਵਾ ਫੇਮ ਗਾਇਕਾ ਰੁਪਿੰਦਰ ਹਾਂਡਾ ਵੀ ਪਹੁੰਚੀ ਅਤੇ ਉਨਾਂ ਨੇ ਵੀ ਹਰਭਜਨ ਮਾਨ ਦੇ ਨਾਲ ਭੰਗੜਾ ਪਾ ਕੇ ਵੱਖਰਾ ਹੀ ਰੰਗ ਮੇਲੇ ਵਿੱਚ ਭਰ ਦਿੱਤਾ।

ਵੱਡੀ ਗਿਣਤੀ ਵਿੱਚ ਦਰਸ਼ਕਾਂ ਦਾ ਇਸ ਮੇਲੇ ਵਿੱਚ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਹਰਭਜਨ ਮਾਨ ਦੀ ਚੰਗੀ ਸੋਚ ਅਤੇ ਸੁਚਾਰੂ ਗਾਇਕੀ ਦੇ ਹਮੇਸ਼ਾ ਹੀ ਦੀਵਾਨੇ ਹਨ। ਮੇਲਿਆਂ ਦੇ ਵਿੱਚ ਕਲਾਕਾਰ ਉਹੀ ਬੁਲਾਉਣਾ ਚਾਹੀਦਾ ਹੈ ਜਿਸ ਕੋਲ ਮੇਲੇ ਵਿੱਚ ਗਾਉਣ ਵਾਲੇ ਗੀਤ ਹੋਣ ਤੇ ਹਰਭਜਨ ਮਾਨ ਲੋਕਾਂ ਦੀ ਪਹਿਲੀ ਪਸੰਦ ਇਸੇ ਲਈ ਹੈ ਕਿਉਂਕਿ ਉਹ ਪਰਿਵਾਰਕ ਗਾਇਕ ਦੇ ਨਾਲ ਨਾਲ ਸਭਿਆਚਾਰਕ ਮੇਲਿਆਂ ਦਾ ਹਾਣੀ ਹੈ।

ਇਸ ਮੇਲੇ ਨੂੰ ਨੇਪਰੇ ਚਾੜਨ ਵਿੱਚ ਬੋਬੀ ਕੁਮਾਰ ਕਲੋਟੀ ਅਤੇ ਹੈਰੀ ਸਿੰਘ ਬੋਲਾ ਪੈਟਰੋਲੀਅਮ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਚ ਸੰਚਾਲਨ ਦੀ ਜਿੰਮੇਵਾਰੀ ਗਿੱਲ ਪ੍ਰਦੀਪ ਅਤੇ ਗੁਰਲੀਨ ਕੌਰ ਹੋਣਾਂ ਨੇ ਬਖੂਬੀ ਨਿਭਾਈ।

ਸਰਦਾਰ ਬਲਵਿੰਦਰ ਸਿੰਘ ਬਾਜਵਾ ਹੁਣਾਂ ਵਲੋਂ ਕੀਤੇ ਉਪਰਾਲੇ ਦੀ ਨਿਊਯਾਰਕ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ ਕਿ ਉਹਨਾਂ ਨੇ ਚੰਗੀ ਸੋਚ ਅਤੇ ਪਰਿਵਾਰਿਕ ਗੀਤਾਂ ਵਾਲੇ ਗਾਇਕਾਂ ਨੂੰ ਹੀ ਹਮੇਸ਼ਾ ਮੇਲਿਆਂ ਦੇ ਵਿੱਚ ਤਰਜੀਹ ਦਿੱਤੀ ਹੈ। ਨਿਸਚੈ ਹੀ ਮੇਲੇ ਵਿੱਚ ਹਾਜ਼ਰ ਲੋਕਾਂ ਨੂੰ ਚਿਰਾਂ ਤੱਕ ਪੰਜਾਬ ਮੇਲਾ ਯਾਦ ਰਹੇਗਾ।




