ਮੋਗਾ, 9 ਜੁਲਾਈ (ਜਸ਼ਨ ) ਬੀਤੇ ਦਿਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਦਿਨ-ਦਿਹਾੜੇ ਥਾਣਾ ਸਦਰ ਮੋਗਾ ’ਤੇ ਹੈਂਡ ਗ੍ਰਨੇਡ ਸੁੱਟੇ ਜਾਣ ਦੀ ਘਟਨਾ ’ਤੇ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮੋਗਾ ਐਡਵੋਕੇਟ ਰਮੇਸ਼ ਗਰੋਵਰ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਨਾ ਸਿਰਫ਼ ਪੁਲਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ, ਸਗੋਂ ਸੂਬੇ ਦੀ ਸਮੁੱਚੀ ਸੁਰੱਖਿਆ ਵਿਵਸਥਾ ’ਤੇ ਵੀ ਕਈ ਅਹਿਮ ਸਵਾਲ ਖੜ੍ਹੇ ਕਰਦੀ ਹੈ। ਐਡਵੋਕੇਟ ਗਰੋਵਰ ਨੇ ਕਿਹਾ ਕਿ ਜਦੋਂ ਸੁਰੱਖਿਆ ਦੇ ਪ੍ਰਤੀਕ ਮੰਨੇ ਜਾਂਦੇ ਪੁਲਿਸ ਥਾਣੇ ਹੀ ਅਜਿਹੇ ਹਮਲਿਆਂ ਦਾ ਨਿਸ਼ਾਨਾ ਬਣਨ ਲੱਗ ਪੈਣ ਤਾਂ ਆਮ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਪਹਿਲੀ ਜ਼ਿੰਮੇਵਾਰੀ ਹੈ। ਜੇਕਰ ਪੁਲਸ ਦੇ ਅਦਾਰਿਆਂ ’ਤੇ ਹੀ ਹਮਲੇ ਹੋਣਗੇ ਤਾਂ ਲੋਕਾਂ ਦਾ ਸੁਰੱਖਿਆ ਪ੍ਰਬੰਧਾਂ ’ਤੇ ਭਰੋਸਾ ਕਮਜ਼ੋਰ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਹਲਕੇ ਵਿੱਚ ਲੈਣ ਦੀ ਬਜਾਏ ਸਰਕਾਰ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ। ਐਡਵੋਕੇਟ ਰਮੇਸ਼ ਗਰੋਵਰ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦੇ ਰਾਜ ਦੀ ਉਮੀਦ ਰੱਖਦੇ ਹਨ। ਸਰਕਾਰ ਨੂੰ ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਲੋਕਾਂ ਦਾ ਵਿਸ਼ਵਾਸ ਦੁਬਾਰਾ ਮਜ਼ਬੂਤ ਹੋ ਸਕੇ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਹੋਰ ਮਜ਼ਬੂਤ ਬਣੇ।
ਖ਼ਬਰਾਂ
ਥਾਣਾ ਸਦਰ ਮੋਗਾ ’ਤੇ ਹੈਂਡ ਗ੍ਰਨੇਡ ਹਮਲਾ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ: ਐਡਵੋਕੇਟ ਰਮੇਸ਼ ਗਰੋਵਰ
* ਕਿਹਾ : ਪੁਲਸ ਥਾਣੇ ਹੀ ਨਿਸ਼ਾਨੇ ’ਤੇ ਆਉਣ ਨਾਲ ਲੋਕਾਂ ਦਾ ਸੁਰੱਖਿਆ ਪ੍ਰਬੰਧਾਂ ਤੋਂ ਭਰੋਸਾ ਡਗਮਗਾਉਂਦਾ ਹੈ
10 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



