ਮੋਗਾ, 31 ਅਗਸਤ (ਜਸ਼ਨ ): ਅਜੋਕੇ ਸਮੇਂ ਵਿਚ ਆਨਲਾਈਨ ਖਰੀਦੋ ਫ਼ਰੋਖ਼ਤ ਦੀ ਰਵਾਇਤ ਨੇਂ ਲੋਕਾਂ ਨੂੰ ਠੱਗੀ ਦੇ ਸ਼ਿਕਾਰ ਹੋਣ ਦੇ ਮੁਹਾਜ਼ ਤੇ ਲੈ ਆਂਦਾ ਹੈ । ਮੋਗਾ ਜ਼ਿਲੇ ਦੇ ਪਿੰਡ ਚੜਿੱਕ ਵਾਸੀ ਇੱਕ ਲੜਕੀ ਨੂੰ ਆਨਲਾਈਨ ਲੇਡੀਜ਼ ਸੂਟ ਦਾ ਆਰਡਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਆਰਡਰ ਰੱਦ ਕਰਦੇ ਹੀ ਉਸ ਦੇ ਖਾਤੇ ਵਿਚੋਂ 22 ਲੱਖ 21 ਹਜ਼ਾਰ 931 ਰੁਪਏ ਗਾਇਬ ਹੋ ਗਏ। ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਾਈਬਰ ਕ੍ਰਾਈਮ ਮੋਗਾ ਨੂੰ ਸ਼ਿਕਾਇਤ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੜਿੱਕ ਵਾਸੀ ਮੁਹੰਮਦ ਅਬਦੁਲ ਨੇ ਥਾਣਾ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦੁਕਾਨਦਾਰੀ ਕਰਦਾ ਹੈ। ਬੀਤੀ 14 ਅਪ੍ਰੈਲ 2026 ਨੂੰ ਉਸ ਦੀ ਬੇਟੀ ਸਾਇਨ ਖਾਤੂਨ ਨੇ ਆਨਲਾਈਨ ਲੇਡੀਜ਼ ਸੂਟ ਦਾ ਆਰਡਰ ਕੀਤਾ ਸੀ, ਜਿਸ ਨੂੰ ਬਾਅਦ ਵਿਚ ਉਸ ਨੇ ਰੱਦ ਕਰਵਾ ਦਿੱਤਾ। ਇਸ ਦੌਰਾਨ ਉਸ ਦਾ ਫੋਨ ਹੈਕ ਹੋ ਗਿਆ ਅਤੇ ਉਨ੍ਹਾਂ ਦੇ ਖਾਤੇ ਵਿਚੋਂ ਵੱਖ-ਵੱਖ ਲੈਣ-ਦੇਣ ਰਾਹੀਂ 22 ਲੱਖ 21 ਹਜ਼ਾਰ 931 ਰੁਪਏ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਹੋ ਗਏ। ਇਸ ਦੀ ਸੂਚਨਾ ਉਨ੍ਹਾਂ ਵੱਲੋਂ ਥਾਣਾ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ। ਮਾਮਲੇ ਦੀ ਜਾਂਚ ਕਰ ਰਹੀ ਸਹਾਇਕ ਥਾਣੇਦਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੋਂ ਬਾਅਦ ਮੁਹੰਮਦ ਅਬਦੁਲ ਦੀ ਸ਼ਿਕਾਇਤ ’ਤੇ ਕਥਿਤ ਮੁਲਜ਼ਮਾਂ ਮਰਿਆਜ, ਨਿਜ਼ਾਮੁਦੀਨ, ਰਿੰਕੂ ਮੀਣਾ, ਸਾਰੇ ਵਾਸੀ ਸਾਡੋਲੀ ਸਦਰ, ਅਲਵਰ, ਰਾਜਸਥਾਨ ਅਤੇ ਨਰਾਇੰਦਰ ਵਾਸੀ ਪਿੰਡ ਕਿਆਰਾ ਖਰੀਥਲ, ਅਲਵਰ, ਰਾਜਸਥਾਨ ਖ਼ਿਲਾਫ਼ ਧੋਖਾਧੜੀ, ਕਥਿਤ ਮਿਲੀਭੁਗਤ ਤੋਂ ਇਲਾਵਾ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।