ਮੋਗਾ,7 ਅਗਸਤ (ਜਸ਼ਨ ) ਰੈੱਡ ਕਾਰਪੇਟ ਚੈਰੀਟੇਬਲ ਸੋਸਾਇਟੀ ਵੱਲੋਂ ਤੀਜ ਦੇ ਤਿਉਹਾਰ ਮੌਕੇ ਕਰਵਾਏ ਗਏ ਸਮਾਗਮ ਦੌਰਾਨ 22 ਸਾਲਾਂ ਬਾਅਦ ਮਲੇਸ਼ੀਆ ਤੋਂ ਮੋਗਾ ਪਰਤੀ ਗੁਰਪ੍ਰੀਤ ਕੌਰ ਦੇ ਸਿਰ ਮਿਸਿਜ਼ ਤੀਜ ਦਾ ਤਾਜ ਸਜਿਆ, ਜਦਕਿ ਮਿਸਿਜ਼ ਪੰਜਾਬਣ ਦਾ ਖਿਤਾਬ ਹਰਪ੍ਰੀਤ ਕੌਰ ਗਿੱਲ ਨੇ ਜਿੱਤਿਆ। ਚੋਖਾ ਐਂਪਾਇਰ ਵਿਖੇ ਕਰਵਾਇਆ ਗਿਆ ਤੀਜ ਦਾ ਸਮਾਗਮ ਵੱਡੇ ਉਤਸ਼ਾਹ ਅਤੇ ਰਵਾਇਤੀ ਪੰਜਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੀ ਸ਼ਾਨਦਾਰ ਝਲਕ ਪੇਸ਼ ਕੀਤੀ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰਾਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਮਿਸਿਜ਼ ਤੀਜ ਕੁਈਨ ਦੇ ਸਿਰ ਤਾਜ ਸਜਾਇਆ।
ਇਸ ਮੌਕੇ ਡਾ. ਰਾਜਿੰਦਰ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਹਰਿਆਲੀ ਤੀਜ ਦਾ ਆਯੋਜਨ ਇੱਕ ਸਸ਼ਕਤ ਮੰਚ ਹੈ। ਇਸ ਮੌਕੇ ਗਗਨਦੀਪ ਕੌਰ ਗਿੱਲ, ਪੱਲਵੀ ਮੱਡੀਆ (ਮਹਿਲਾ ਮੋਰਚਾ, ਭਾਜਪਾ ਸ਼ਹਿਰੀ ਇਕਾਈ), ਗੁਰਚਰਨ ਕੌਰ ਅਤੇ ਸਿਮਰਜੀਤ ਕੌਰ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੌਰਾਨ ਪੰਜਾਬੀ ਲੋਕ ਸੱਭਿਆਚਾਰ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਔਰਤਾਂ ਨੇ ਲੋਕ ਗੀਤ, ਗਿੱਧਾ, ਭੰਗੜਾ, ਬੋਲੀਆਂ, ਡਾਂਸ, ਮਨੋਰੰਜਕ ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਪ੍ਰਤੀਭਾਗੀਆਂ ਲਈ ਸਰਪ੍ਰਾਈਜ਼ ਗਿਫ਼ਟ ਸਮੇਤ ਕਈ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ (ਸ਼ੀਲਡ) ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਪ੍ਰੋਗਰਾਮ ਵਿੱਚ ਸ਼ਾਮਲ ਹਰ ਮਹਿਲਾ ਨੂੰ ਜੱਜ ਜਵੈਲਰਜ਼ ਵੱਲੋਂ ਚਾਂਦੀ ਦੀ ਅੰਗੂਠੀ ਭੇਟ ਕੀਤੀ ਗਈ, ਜਿਸ ਨਾਲ ਔਰਤਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪੂਰੇ ਸਮਾਗਮ ਦੌਰਾਨ ਰਵਾਇਤੀ ਪੰਜਾਬੀ ਸਜਾਵਟ, ਚਰਖਾ, ਮੜ੍ਹਾਣੀਆਂ ਅਤੇ ਹੋਰ ਸੱਭਿਆਚਾਰਕ ਪ੍ਰਾਪਸ ਖਿੱਚ ਦਾ ਕੇਂਦਰ ਬਣੇ ਰਹੇ। ਸਮਾਗਮ ਦਾ ਉਦੇਸ਼ ਔਰਤਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਪੰਜਾਬੀ ਸੱਭਿਆਚਾਰ, ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਸੀ। ਹਾਜ਼ਰ ਔਰਤਾਂ ਨੇ ਇਸ ਸ਼ਾਨਦਾਰ ਸਮਾਗਮ ਦੀ ਭਰਪੂਰ ਸ਼ਲਾਘਾ ਕਰਦਿਆਂ ਰੈੱਡ ਕਾਰਪੇਟ ਚੈਰੀਟੇਬਲ ਸੋਸਾਇਟੀ ਦਾ ਧੰਨਵਾਦ ਕੀਤਾ।
ਖ਼ਬਰਾਂ
ਗੁਰਪ੍ਰੀਤ ਕੌਰ ਦੇ ਸਿਰ ਸਜਿਆ ਮਿਸਿਜ਼ ਤੀਜ ਦਾ ਤਾਜ, ਹਰਪ੍ਰੀਤ ਕੌਰ ਨੂੰ ਮਿਲਿਆ ਮਿਸਿਜ਼ ਪੰਜਾਬਣ ਦਾ ਖਿਤਾਬ
* ਰੈੱਡ ਕਾਰਪੇਟ ਚੈਰੀਟੇਬਲ ਸੋਸਾਇਟੀ ਦਾ ਹਰਿਆਲੀ ਤੀਜ ਸਮਾਗਮ
8 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



