ਮੋਗਾ, 3 ਜੂਨ 2026(ਜਸ਼ਨ) :
ਜ਼ਿਲ੍ਹਾ ਮੋਗਾ ਦੇ ਸਿੱਖਿਆ ਜਗਤ ਲਈ ਇਹ ਪਲ ਬੇਹੱਦ ਮਾਣ ਅਤੇ ਇਤਿਹਾਸਕ ਖੁਸ਼ੀ ਵਾਲਾ ਰਿਹਾ, ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਦੁੱਨੇਕੇ (ਬਲਾਕ ਮੋਗਾ-2) ਦੇ ਅਧਿਆਪਕਾਂ ਅਤੇ ਜ਼ਿਲ੍ਹਾ ਨੋਡਲ ਅਫ਼ਸਰ (ToFEI) ਮੋਗਾ ਨੇ ਰਾਸ਼ਟਰੀ ਪੱਧਰ 'ਤੇ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਇਆ। ਜ਼ਿਲਾ ਸਿਖਿਆ ਅਫਸਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਚਲਾਈ ਗਈ **"ToFEI School Challenge: Towards a Tobacco Free Generation"** (ਤੰਬਾਕੂ ਮੁਕਤ ਪੀੜ੍ਹੀ ਵੱਲ ਕਦਮ) ਮੁਹਿੰਮ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਹੋਏ ਜ਼ਿਲ੍ਹਾ ਮੋਗਾ ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਨ ਦੀ ਵਿਲੱਖਣ ਉਪਲਬਧੀ ਹਾਸਲ ਕੀਤੀ ਹੈ। ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਸਕੂਲ ਸਿੱਖਿਆ ਸਕੱਤਰ ਸ਼੍ਰੀ ਸੰਜੇ ਕੁਮਾਰ (IAS) ਵੱਲੋਂ ਦੁੱਨੇਕੇ ਸਕੂਲ ਦੇ ਅਧਿਆਪਕ ਹਰਮਨ ਦੀਪ ਸਿੰਘ ਰਾਏ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਬਲਦੇਵ ਰਾਮ ਸਿੰਘ ਨੂੰ ਵਿਸ਼ੇਸ਼ ਟਰਾਫ਼ੀ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਇਹ ਰਾਸ਼ਟਰੀ ਸਨਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮੰਜੂ ਭਾਰਦਵਾਜ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਕੂਲਾਂ ਵਿੱਚ ਤੰਬਾਕੂ ਵਿਰੋਧੀ ਜਾਗਰੂਕਤਾ ਫੈਲਾਉਣ, ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ, ਸਿਹਤਮੰਦ ਜੀਵਨ ਮੁੱਲਾਂ ਦੀ ਸਥਾਪਨਾ ਕਰਨ ਅਤੇ “ਤੰਬਾਕੂ-ਮੁਕਤ ਪੀੜ੍ਹੀ” ਦੇ ਨਿਰਮਾਣ ਲਈ ਕੀਤੇ ਗਏ ਨਿਵੇਕਲੇ, ਨਿਰੰਤਰ ਅਤੇ ਪ੍ਰਭਾਵਸ਼ਾਲੀ ਯਤਨਾਂ ਲਈ ਦਿੱਤਾ ਗਿਆ ਹੈ । ਇਸ ਸ਼ਾਨਦਾਰ ਸਫ਼ਲਤਾ ਦੀ ਖੁਸ਼ੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੋਗਾ ਮੰਜੂ ਭਾਰਦਵਾਜ ਨੇ ਕਿਹਾ ਕਿ ਇਹ ਇਤਿਹਾਸਕ ਮਾਣ ਸਿਰਫ਼ ਇੱਕ ਵਿਅਕਤੀ ਜਾਂ ਸਕੂਲ ਦਾ ਨਹੀਂ, ਸਗੋਂ ਸਮੁੱਚੇ ਮੋਗਾ ਜ਼ਿਲ੍ਹੇ ਦੇ ਅਧਿਆਪਕ ਵਰਗ, ਸਕੂਲ ਮੁਖੀਆਂ, ਵਿਦਿਆਰਥੀਆਂ ਅਤੇ ਸਿੱਖਿਆ ਅਧਿਕਾਰੀਆਂ ਦੀ ਸਾਂਝੀ ਅਤੇ ਅਣਥੱਕ ਮਿਹਨਤ ਦਾ ਮਿੱਠਾ ਫਲ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਅੰਦਰ ਸਮਾਜਿਕ ਸੁਧਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਵੱਡੇ ਟੀਚੇ ਸਰ ਕਰਨ ਲਈ ਇੱਕ ਮੀਲ ਪੱਥਰ ਅਤੇ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਇਸ ਮੁਹਿੰਮ ਨੂੰ ਸਫ਼ਲਤਾ ਦੇ ਸਿਖਰ ਤੱਕ ਪਹੁੰਚਾਉਣ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਨਿਸ਼ਾਨ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ -2 ਮੈਡਮ ਵਰਿੰਦਰ ਕੌਰ, ਅਤੇ ਜ਼ਿਲ੍ਹਾ ਤੰਬਾਕੂ ਨੋਡਲ ਸ੍ਰੀ ਬਲਦੇਵ ਰਾਮ ਦੇ ਦੂਰਅੰਦੇਸ਼ੀ ਮਾਰਗਦਰਸ਼ਨ, ਲਗਾਤਾਰ ਉਤਸ਼ਾਹ ਅਤੇ ਮਜ਼ਬੂਤ ਸਹਿਯੋਗ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਅਧਿਕਾਰੀਆਂ ਦੀ ਅਗਵਾਈ ਹੇਠ ਸਕੂਲਾਂ ਵਿੱਚ ਚਲਾਈਆਂ ਗਈਆਂ ਵਿਭਿੰਨ ਜਾਗਰੂਕਤਾ ਗਤੀਵਿਧੀਆਂ, ਪੋਸਟਰ ਮੁਕਾਬਲਿਆਂ ਅਤੇ ਸੇਮੀਨਾਰਾਂ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਸਦਕਾ ਅੱਜ ਮੋਗਾ ਜ਼ਿਲ੍ਹੇ ਦਾ ਨਾਮ ਰਾਸ਼ਟਰੀ ਨਕਸ਼ੇ 'ਤੇ ਚਮਕਿਆ ਹੈ।
ਇਸ ਰਾਸ਼ਟਰੀ ਪੱਧਰ ਦੀ ਉਪਲਬਧੀ ਨਾਲ ਜ਼ਿਲ੍ਹਾ ਮੋਗਾ ਦੇ ਸਿੱਖਿਆ ਵਿਭਾਗ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਦ੍ਰਿੜ੍ਹ ਇਰਾਦਾ, ਸੱਚੀ ਲਗਨ ਅਤੇ ਬਿਹਤਰੀਨ ਟੀਮ ਵਰਕ ਹੋਵੇ, ਤਾਂ ਕਿਸੇ ਵੀ ਰਾਸ਼ਟਰੀ ਪੱਧਰ ਦੀ ਚੁਣੌਤੀ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਜਾ ਸਕਦਾ ਹੈ।
ਖ਼ਬਰਾਂ
ਮੋਗੇ ਨੂੰ ਵੱਡਾ ਮਾਣ ,ਦੇਸ਼ ਭਰ ‘ਚ ਤੀਜਾ ਸਥਾਨ ,ਤੰਬਾਕੂ-ਮੁਕਤ ਭਾਰਤ ਮੁਹਿੰਮ ਵਿੱਚ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੁੱਨੇਕੇ ਨੂੰ ਰਾਸ਼ਟਰੀ ਪੱਧਰ ‘ਤੇ ਮਿਲਿਆ ਤੀਜਾ ਸਥਾਨ
* ਮਾਣ ਪੰਜਾਬੀ ਹੋਣ ਤੇ
3 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



