ਗੁਰਦਾਸਪੁਰ,13 ਮਈ ( ਜਸ਼ਨ ) ਬੀਤੇ ਦਿਨ ਭਾਰਤ ਸਰਕਾਰ ਵੱਲੋਂ ਸੋਨੇ ਤੇ ਇਮਪੋਰਟ ਡਿਊਟੀ ਛੇ ਫੀਸਦੀ ਤੋਂ 15 ਫੀਸਦੀ ਕੀਤੇ ਜਾਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। 12 ਹਜਾਰ ਰੁਪਏ ਇੱਕ ਦਿਨ ਵਿੱਚ ਇਹ ਸੋਨਾ ਮਹਿੰਗਾ ਹੋ ਗਿਆ ਹੈ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ 25000 ਕਿਲੋ ਦੇ ਹਿਸਾਬ ਨਾਲ ਉਛਾਲ ਵੇਖਣ ਨੂੰ ਮਿਲਿਆ ਹੈ। ਸਰਾਫਾ ਯੂਨੀਅਨ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਅਜੇ ਸੂਰੀ ਦਾ ਕਹਿਣਾ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਨੇ ਸੋਨੇ ਦੇ ਵਪਾਰੀਆਂ ਵਿੱਚ ਮਾਯੂਸੀ ਲਿਆਂਦੀ। ਉਹਨਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਾਰੇ ਭਾਰਤ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕਰਨ ਦੀ ਬਜਾਏ ਸੋਨੇ ਵਿੱਚ ਇਨਵੈਸਟ ਕਰਨ ਵਾਲਿਆਂ ਨੂੰ ਅਪੀਲ ਕਰਨੀ ਚਾਹੀਦੀ ਸੀ ਕਿ ਇਨਵੈਸਟ ਨਾ ਕਰਨ ‌ ਜਾਂ ਫਿਰ ਵੱਡੇ ਸੋਨੇ ਦੇ ਵਪਾਰੀਆਂ ਦੇ ਇੰਪੋਰਟ, ਐਕਸਪੋਰਟ ਲਾਈਸੰਸ ਕੁਝ ਸਮੇਂ ਲਈ ਰੱਦ ਕਰ ਦੇਣੇ ਚਾਹੀਦੇ ਸਨ। ਅਪੀਲ ਤੋਂ ਬਾਅਦ ਇਮਪੋਰਟ ਡਿਊਟੀ 10 ਫੀਸਦੀ ਦੇ ਕਰੀਬ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਜਿਹੜਾ ਉਛਾਲ ਆਇਆ ਹੈ ਉਸ ਨਾਲ ਮਾਰਕੀਟ ਬਿਲਕੁਲ ਹੀ ਖਤਮ ਹੋ ਜਾਵੇਗੀ ਅਤੇ ਸੋਨੇ ਦੇ ਛੋਟੇ ਕਾਰੀਗਰ ਜੋ ਪਹਿਲਾਂ ਹੀ ਘੱਟ ਰਹਿ ਗਏ ਹਨ ਧੰਦਾ ਛੱਡਣ ਲਈ ਮਜਬੂਰ ਹੋ ਜਾਣਗੇ ।