ਮੋਗਾ,22 ਸਤੰਬਰ (ਲਛਮਣਜੀਤ ਸਿੰਘ ਪੁਰਬਾ): ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਵਿਦੇਸ਼ ਜਾਣ ਦੀ ਦੌੜ ਲੱਗੀ ਹੋਈ ਹੈ, ਉੱਥੇ ਮੋਗਾ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਵਿਦੇਸ਼ ਜਾਣ ਦਾ ਸੁਪਨਾ ਛੱਡ ਕੇ ਆਪਣੀ ਹੀ ਧਰਤੀ ’ਤੇ ਮਿਹਨਤ ਨਾਲ ਕਾਮਯਾਬੀ ਹਾਸਲ ਕਰਨ ਦਾ ਰਾਹ ਚੁਣਿਆ ਹੈ। ਗੁਰਸਿੱਖ ਅਤੇ ਅੰਮ੍ਰਿਤਧਾਰੀ ਪਰਮਜੀਤ ਕੌਰ ਨੇ ਲਗਭਗ ਦੋ ਸਾਲ ਪਹਿਲਾਂ ਮੋਗਾ ਵਿੱਚ ਖਾਣ-ਪੀਣ ਦਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ, ਜੋ ਅੱਜ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ।
ਪਰਮਜੀਤ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਸੁਪਨਾ ਵਿਦੇਸ਼ ਜਾਣ ਦਾ ਸੀ ਅਤੇ ਉਸਨੇ ਇਸ ਲਈ ਪ੍ਰਾਈਵੇਟ ਨੌਕਰੀ ਦੇ ਨਾਲ ਹੋਰ ਤਿਆਰੀ ਵੀ ਕੀਤੀ ਸੀ। ਪਰ ਬਾਅਦ ਵਿੱਚ ਉਸਨੇ ਸੋਚ ਬਦਲਦਿਆਂ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸਦਾ ਕਹਿਣਾ ਹੈ ਕਿ ਜੇਕਰ ਆਪਣੀ ਧਰਤੀ ’ਤੇ ਮਿਹਨਤ ਕਰਕੇ ਕਾਰੋਬਾਰ ਖੜ੍ਹਾ ਕੀਤਾ ਜਾ ਸਕਦਾ ਹੈ ਤਾਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦੀ ਬਜਾਏ ਆਪਣੇ ਹੀ ਕੰਮ ਨੂੰ ਅੱਗੇ ਵਧਾਉਣਾ ਬਿਹਤਰ ਹੈ।
ਉਹ ਆਪਣੇ ਸਟਾਲ ’ਤੇ ਆਲੂ ਅਤੇ ਗੋਭੀ ਦੇ ਪਰੌਂਠੇ, ਮਿਕਸ ਪਰੌਂਠਾ, ਸਾਦੀ ਰੋਟੀ, ਛੋਲੇ-ਭਟੂਰੇ, ਚਾਹ, ਕੜੀ-ਚੌਲ ਅਤੇ ਰਾਜਮਾ-ਚੌਲ ਸਮੇਤ ਕਈ ਪਕਵਾਨ ਤਿਆਰ ਕਰਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਆਮ ਲੋਕਾਂ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਸਾਦੀ ਰੋਟੀ ਦੀ ਕੀਮਤ ਵੀ ਸਿਰਫ਼ 20 ਰੁਪਏ ਰੱਖੀ ਗਈ ਹੈ। ਪਰਮਜੀਤ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਇਮਾਨਦਾਰੀ ਅਤੇ ਵਾਜਬ ਕੀਮਤ ਨੂੰ ਪਹਿਲ ਦੇਣ ਕਾਰਨ ਗਾਹਕਾਂ ਦਾ ਪਿਆਰ ਲਗਾਤਾਰ ਮਿਲ ਰਿਹਾ ਹੈ।
ਪਰਮਜੀਤ ਕੌਰ ਦੇ ਪਤੀ ਵੀ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਹ ਖੁਦ ਵੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ ਸਨ, ਪਰ ਹੁਣ ਦੋਵੇਂ ਮਿਲ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਘਰ ਵਿੱਚ ਮਾਤਾ ਜੀ ਬੱਚੇ ਦੀ ਦੇਖਭਾਲ ਅਤੇ ਹੋਰ ਕੰਮਾਂ ਵਿੱਚ ਸਹਿਯੋਗ ਦਿੰਦੇ ਹਨ। ਪਰਿਵਾਰ ਦੇ ਇਸ ਸਹਿਯੋਗ ਨੇ ਦੋਵਾਂ ਦਾ ਹੌਸਲਾ ਹੋਰ ਵਧਾਇਆ ਹੈ।
ਪਰਮਜੀਤ ਦੱਸਦੀ ਹੈ ਕਿ ਸਟਾਲ ’ਤੇ ਜੇਕਰ ਕੋਈ ਲੋੜਵੰਦ ਵਿਅਕਤੀ ਆ ਜਾਵੇ ਅਤੇ ਉਸ ਕੋਲ ਖਾਣੇ ਦੇ ਪੈਸੇ ਨਾ ਹੋਣ ਤਾਂ ਉਸਨੂੰ ਬਿਨਾਂ ਪੈਸੇ ਲਏ ਖਾਣਾ ਖੁਆ ਦਿੱਤਾ ਜਾਂਦਾ ਹੈ। ਉਹ ਇਸਨੂੰ ਆਪਣੀ ਨਹੀਂ, ਸਗੋਂ ਗੁਰੂ ਸਾਹਿਬ ਦੀ ਕਿਰਪਾ ਮੰਨਦੀ ਹੈ। ਹਰ ਰੋਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਪਣਾ ਕੰਮ ਸ਼ੁਰੂ ਕਰਦੀ ਹੈ।
ਪਰਮਜੀਤ ਕੌਰ ਦਾ ਸੁਨੇਹਾ ਹੈ ਕਿ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸੰਗ-ਸ਼ਰਮ ਛੱਡ ਕੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ। ਉਸਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਛੋਟੇ ਕਾਰੋਬਾਰ ਨੂੰ ਵੱਡੇ ਪੱਧਰ ’ਤੇ ਲਿਜਾ ਕੇ ਆਪਣਾ ਹੋਟਲ ਖੋਲ੍ਹਿਆ ਜਾਵੇ। ਉਹ ਕਹਿੰਦੀ ਹੈ ਕਿ ਮਿਹਨਤ, ਇਮਾਨਦਾਰੀ ਅਤੇ ਪਰਿਵਾਰ ਦੇ ਸਾਥ ਨਾਲ ਪੰਜਾਬ ਵਿੱਚ ਰਹਿ ਕੇ ਵੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।