ਟੁੱਟ ਗਿਆ ਭਾਰਤ-ਪਾਕਿ ਦੀਆਂ ਸਾਂਝਾਂ ਦਾ ਪੁਲ, ਹਰਭਜਨ ਬਰਾੜ ਨਹੀ ਰਿਹਾ , ਸੁਣਕੇ ਰੂਹ ਕੰਬ ਗਈ। ਮਨ ਉਦਾਸ ਹੋ ਗਿਆ। ਇੰਝ ਲੱਗ ਰਿਹਾ ਜਿਵੇੰ ਸਰੀਰ ਦਾ ਕੋਈ ਅੰਗ ਵੱਖ ਹੋ ਗਿਆ ਹੋਵੇ। ਹਰਭਜਨ ਸਿੰਘ ਬਰਾੜ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਮਨੁੱਖੀ ਸਾਂਝਾਂ ਦਾ ਇੱਕ ਜੀਊਂਦਾ ਪੁਲ ਸੀ । ਉਹ ਆਹਲਾ ਦਰਜੇ ਦਾ ਲੱਠਾ ਬੰਦਾ ਸੀ। ਸਾਦਗੀ ਉਸਦੀ ਪਛਾਣ ਸੀ ਅਤੇ ਮਿਲਾਪੜਾਪਣ ਉਸਦੀ ਫ਼ਿਤਰਤ। ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਉਸਦੀ ਰੂਹ ਜਿੱਥੇ ਵੀ ਜਾਂਦੀ, ਉੱਥੇ ਆਪਣੇਪਣ ਦੀ ਖੁਸ਼ਬੂ ਛੱਡ ਆਉਂਦੀ। ਖਿੜਖਿੜਾਉਂਦਾ ਚਿਹਰਾ, ਹਾਸੇ ਦੀਆਂ ਫੁੱਲਝੜੀਆਂ ਬਿਖੇਰਦਾ ਅੰਦਾਜ਼ ਅਤੇ ਹਰ ਮਿਲਣ ਵਾਲੇ ਨੂੰ ਆਪਣਾ ਬਣਾ ਲੈਣ ਦੀ ਕਲਾ ਉਸਦੀ ਸ਼ਖ਼ਸੀਅਤ ਦੇ ਅਨਿੱਖੜਵੇਂ ਅੰਗ ਸਨ। ਪਰ ਇਸ ਹੱਸਮੁੱਖ ਚਿਹਰੇ ਦੇ ਅੰਦਰ ਵੰਡ ਦਾ ਇੱਕ ਡੂੰਘਾ ਦਰਦ ਵੀ ਵੱਸਦਾ ਸੀ। 1947 ਦੀ ਵੰਡ ਉਸ ਲਈ ਇਤਿਹਾਸ ਦੀ ਕੋਈ ਬੀਤੀ ਘਟਨਾ ਨਹੀਂ ਸੀ। ਉਸਦੇ ਅੰਦਰ ਇੱਕ ਨਾਸੂਰ ਵਾਂਗ ਧੜਕਦੀ ਰਹੀ। ਘਰਾਂ ਤੋਂ ਉੱਜੜੇ ਲੋਕ, ਵਿਛੜੇ ਭੈਣ-ਭਰਾ, ਸਰਹੱਦ ਦੇ ਦੋਵੇਂ ਪਾਸਿਆਂ ਅੱਖਾਂ ਵਿੱਚ ਉਡੀਕ ਲਈ ਬੈਠੇ ਪਰਿਵਾਰ ਇਹ ਸਭ ਉਸਦੀ ਰੂਹ ਨੂੰ ਬੇਚੈਨ ਕਰਦੇ ਰਹੇ। ਉਹ ਅਕਸਰ ਕਹਿੰਦਾ ਸੀ ਆਜ਼ਾਦੀ ਨਹੀਂ, ਇਹ ਉਜਾੜਾ ਸੀ।” ਇਹ ਸਿਰਫ਼ ਇੱਕ ਵਾਕ ਨਹੀਂ ਸੀ, ਉਸਦੀ ਸਾਰੀ ਜ਼ਿੰਦਗੀ ਦਾ ਦਰਦ ਸੀ। ਉਸਦੀ ਜ਼ੁਬਾਨ ’ਤੇ ਇਹ ਬੋਲ ਆਖ਼ਰੀ ਸਾਹ ਤੱਕ ਰਹੇ। ਬਰਾੜ ਨੇ ਆਪਣੀ ਜ਼ਿੰਦਗੀ ਨੂੰ ਇਸ ਦਰਦ ਦਾ ਜਵਾਬ ਬਣਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਸਰਹੱਦ ਦੇ ਦੋਵੇਂ ਪਾਸਿਆਂ ਵੱਸਦੇ ਲੋਕਾਂ ਨੂੰ ਯਾਦ ਕਰਵਾਇਆ ਕਿ ਨਕਸ਼ੇ ਬਦਲ ਸਕਦੇ ਹਨ, ਮੁਲਕ ਵੱਖ ਹੋ ਸਕਦੇ ਹਨ, ਪਰ ਮਾਂ ਦੀ ਕੁੱਖ ਤੋਂ ਜੰਮੇ ਰਿਸ਼ਤਿਆਂ ਦੀ ਸਾਂਝ ਨਹੀਂ ਮੁੱਕਦੀ। ਉਸਦੀ ਕੋਸ਼ਿਸ਼ਾਂ ਸਦਕਾ ਭਾਰਤ-ਪਾਕਿਸਤਾਨ ਦੇ ਅਨੇਕਾਂ ਵਿਛੜੇ ਪਰਿਵਾਰ ਇੱਕ-ਦੂਜੇ ਨੂੰ ਗਲਵੱਕੜੀ ਪਾ ਸਕੇ। ਹਜ਼ਾਰਾਂ ਭੈਣਾਂ ਨੂੰ ਆਪਣੇ ਭਰਾਵਾਂ ਦੇ ਮੋਹ ਦਾ ਨਿੱਘ ਮਿਲਿਆ। ਸੈਂਕੜੇ ਪਰਿਵਾਰਾਂ ਨੂੰ ਆਪਣੇ ਨਾਲਦੇ ਜੰਮਿਆਂ ਨਾਲ ਮੁੜ ਮਿਲਣ ਦਾ ਸੁਭਾਗ ਮਿਲਿਆ। ਜਿਨ੍ਹਾਂ ਰਿਸ਼ਤਿਆਂ ਨੂੰ ਵਕਤ ਦੀਆਂ ਆਂਧੀਆਂ ਅਤੇ ਸਰਹੱਦਾਂ ਦੀਆਂ ਲਕੀਰਾਂ ਨੇ ਦਹਾਕਿਆਂ ਤੱਕ ਓਹਲੇ ਰੱਖਿਆ, ਬਾਬਾ ਬਰਾੜ ਉਹਨਾਂ ਰਿਸ਼ਤਿਆਂ ਲਈ ਰਾਹ ਬਣਦਾ ਰਿਹਾ। ਲਹਿੰਦੇ ਪੰਜਾਬ ਵਿੱਚ ਉਸਨੂੰ ਸਿਰਫ਼ ਹਰਭਜਨ ਸਿੰਘ ਬਰਾੜ ਨਹੀਂ ਕਿਹਾ ਜਾਂਦਾ ਸੀ। ਉੱਥੇ ਉਹ ਪਿਆਰ ਨਾਲ ‘ਬਾਬਾ ਬਰਾੜ’ ਸੀ। ਇਹ ਸੰਬੋਧਨ ਉਸਨੂੰ ਕਿਸੇ ਉਮਰ ਕਰਕੇ ਨਹੀਂ, ਸਗੋਂ ਉਸਦੇ ਦਿਲ ਦੀ ਵਿਸ਼ਾਲਤਾ ਕਰਕੇ ਮਿਲਿਆ ਸੀ। ਜਿਹੜੇ ਲੋਕ ਉਸਨੂੰ ਮਿਲੇ, ਉਹਨਾਂ ਲਈ ਉਹ ਕਿਸੇ ਦੂਰਲੇ ਮੁਲਕ ਦਾ ਵਸਨੀਕ ਨਹੀਂ ਸੀ; ਉਹ ਆਪਣਾ ਸੀ,ਬਿਲਕੁਲ ਆਪਣਾ।
ਉਹ ਅਟੁੱਟ ਸਾਂਝਾਂ ਦੇ ਉਸ ਦਰਿਆ ਵਿੱਚ ਚੱਲਦੀ ਕਿਸ਼ਤੀ ਦਾ ਮਾਂਝੀ ਸੀ, ਜਿਸਦਾ ਪਾਣੀ ਸਤਲੁਜ, ਰਾਵੀ, ਬਿਆਸ ਅਤੇ ਚਨਾਬ ਦੀਆਂ ਯਾਦਾਂ ਨਾਲ ਰਲਿਆ ਹੋਇਆ ਹੈ। ਕੋਈ ਉਸਨੂੰ ‘ਲੁੱਡਣ ਮਲਾਹ’ ਕਹਿੰਦਾ ਤਾਂ ਇਹ ਨਾਮ ਵੀ ਉਸਦੀ ਭੂਮਿਕਾ ਨੂੰ ਬਿਆਨ ਕਰ ਜਾਂਦਾ। ਉਹ ਵਿਛੋੜੇ ਦੇ ਕੰਢਿਆਂ ਵਿਚਕਾਰ ਰਿਸ਼ਤਿਆਂ ਦੀ ਕਿਸ਼ਤੀ ਚਲਾਉਂਦਾ ਰਿਹਾ ਇਸੇ ਕਰਕੇ ਉਹਨਾਂ ਸਾਈਂ ਮੀਆਂ ਮੀਰ ਫਾਂਊਂਡੇਸ਼ਨ ਦੀ ਸਥਾਪਨਾ ਕੀਤੀ ।
ਉਸਦੇ ਮਿਲਣ ਨਾਲ ਰੂਹ ਨਸ਼ਿਆ ਜਾਂਦੀ ਸੀ। ਉਸਦੀ ਗੱਲਬਾਤ ਵਿੱਚ ਇਤਿਹਾਸ ਵੀ ਹੁੰਦਾ ਸੀ, ਦਰਦ ਵੀ ਅਤੇ ਆਸ ਵੀ। ਉਹ ਬੀਤੇ ਸਮੇਂ ਦੇ ਜ਼ਖ਼ਮਾਂ ਨੂੰ ਕੁਰੇਦਣ ਨਹੀਂ, ਉਨ੍ਹਾਂ ’ਤੇ ਮਰਹਮ ਲਾਉਣ ਦੀ ਕੋਸ਼ਿਸ਼ ਕਰਦਾ ਸੀ। ਉਸ ਲਈ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਸਨ, ਪਰ ਪੰਜਾਬ ਇੱਕ ਸੀ—ਉਹ ਪੰਜਾਬ ਜਿਸਦੇ ਲੋਕਾਂ ਦੀ ਬੋਲੀ ਇੱਕ, ਮਿੱਟੀ ਦੀ ਮਹਿਕ ਇੱਕ ਅਤੇ ਦੁੱਖ-ਸੁੱਖ ਦੀਆਂ ਯਾਦਾਂ ਇੱਕ ਸਨ। ਅੱਜ ਜਦੋਂ ਬਾਬਾ ਬਰਾੜ ਨਹੀਂ ਰਿਹਾ ਤਾਂ ਸਿਰਫ਼ ਇੱਕ ਵਿਅਕਤੀ ਨਹੀਂ ਗਿਆ। ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਰਹੱਦ ਦੇ ਦੋਵੇਂ ਪਾਸਿਆਂ ਨੂੰ ਜੋੜਨ ਵਾਲਾ ਇੱਕ ਭਰੋਸੇਮੰਦ ਹੱਥ ਛੁੱਟ ਗਿਆ ਹੋਵੇ। ਜਿਵੇਂ ਰਾਵੀ ਦੇ ਪਾਣੀਆਂ ਵਿੱਚੋਂ ਕੋਈ ਜਾਣੀ-ਪਛਾਣੀ ਆਵਾਜ਼ ਅਚਾਨਕ ਖ਼ਾਮੋਸ਼ ਹੋ ਗਈ ਹੋਵੇ। ਜਿਵੇਂ ਵੰਡ ਦੇ ਦਰਦ ਨਾਲ ਸਦੀਆਂ ਤੋਂ ਤੜਫ਼ ਰਹੇ ਪੰਜਾਬ ਦੀ ਛਾਤੀ ਵਿੱਚੋਂ ਇੱਕ ਹੋਰ ਹਉਕਾ ਨਿਕਲਿਆ ਹੋਵੇ। ਪਰ ਬਾਬਾ ਬਰਾੜ ਦੀ ਸਭ ਤੋਂ ਵੱਡੀ ਵਿਰਾਸਤ ਉਸਦੀ ਯਾਦ ਨਹੀਂ ਉਹ ਰਿਸ਼ਤੇ ਹਨ ਜਿਨ੍ਹਾਂ ਨੂੰ ਉਸਨੇ ਮੁੜ ਜੋੜਿਆ। ਉਹ ਭੈਣਾਂ ਦੀਆਂ ਅੱਖਾਂ ਵਿੱਚ ਆਈ ਚਮਕ ਹੈ, ਉਹ ਭਰਾਵਾਂ ਦੀ ਗਲਵੱਕੜੀ ਵਿੱਚ ਵਾਪਸ ਆਇਆ ਨਿੱਘ ਹੈ, ਉਹ ਬਜ਼ੁਰਗਾਂ ਦੀਆਂ ਅੱਖਾਂ ਵਿੱਚੋਂ ਵਗੇ ਉਹ ਹੰਝੂ ਹਨ ਜੋ ਦਹਾਕਿਆਂ ਦੀ ਉਡੀਕ ਤੋਂ ਬਾਅਦ ਖ਼ੁਸ਼ੀ ਵਿੱਚ ਬਦਲੇ। 16 ਜੂਨ ਜਨਮ ਦਿਨ 'ਤੇ ਇਨਸਾਫਪਸੰਦ ਲੋਕਾਂ ਦੀ ਇਕੱਤਰਤਾ ਰੱਖੀ ਸੀ। ਬਰਾੜ ਨੇ ਮੇਰੀ ਡਿਊਟੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਲਿਆਉਣ ਦੀ ਲਾਈ ਸੀ। ਆਖਰੀ ਜਨਮ ਦਿਨ ਵੇਲੇ ਪੁਸਤਕ ਲੋਕ ਅਰਪਣ ਕੀਤੀ। ਖੂਬ ਮਹਿਫਲ ਜੰਮੀ। ਵੀਡੀਓ ਕਾਲ 'ਤੇ ਪਾਕਿਸਤਾਨ ਤੋਂ ਕਈ ਚਿਹਰੇ ਸ਼ਾਮਿਲ ਹੋਏ। ਹੁਣ ਉਹ ਮਹਿਫ਼ਲ ਕਦੇ ਨਹੀ ਜੁੜੇਗੀ। ਸ਼ਾਇਦ ਇਹ ਅਫਸੋਸ ਰਹੇਗਾ। ਬਾਬਾ ਬਰਾੜ ਚਲਾ ਗਿਆ ਹੈ, ਪਰ ਉਸ ਵੱਲੋਂ ਜਗਾਈ ਸਾਂਝ ਦੀ ਜੋਤ ਹਾਲੇ ਬੁਝੀ ਨਹੀਂ। ਸ਼ਾਇਦ ਇਹੀ ਕਿਸੇ ਰੱਬੀ ਰੂਹ ਦੀ ਅਸਲ ਜਿੱਤ ਹੁੰਦੀ ਹੈ—ਉਹ ਸਰੀਰਕ ਤੌਰ ’ਤੇ ਵਿਦਾ ਹੋ ਜਾਵੇ, ਪਰ ਉਸਦਾ ਕੀਤਾ ਕੰਮ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਰਹੇ।ਹਰਭਜਨ ਸਿੰਘ ਬਰਾੜ ਸੱਚਮੁੱਚ ਇੱਕ ਰੱਬੀ ਰੂਹ ਸੀ। ਉਸਨੇ ਸਰਹੱਦਾਂ ਨਹੀਂ ਵੇਖੀਆਂ, ਉਸਨੇ ਦਿਲ ਵੇਖੇ। ਉਸਨੇ ਮੁਲਕਾਂ ਦੀਆਂ ਦੂਰੀਆਂ ਨਹੀਂ ਗਿਣੀਆਂ, ਉਸਨੇ ਵਿਛੜਿਆਂ ਦੀ ਉਡੀਕ ਮਹਿਸੂਸ ਕੀਤੀ। ਉਸਨੇ ਇਤਿਹਾਸ ਨੂੰ ਸਿਰਫ਼ ਪੜ੍ਹਿਆ ਨਹੀਂ, ਉਸਦੇ ਜ਼ਖ਼ਮਾਂ ਨੂੰ ਆਪਣੇ ਅੰਦਰ ਮਹਿਸੂਸ ਕੀਤਾ।ਅੱਜ ਉਸਦੀ ਵਿਦਾਇਗੀ ’ਤੇ ਸ਼ਾਇਦ ਸਰਹੱਦ ਦੇ ਦੋਵੇਂ ਪਾਸਿਆਂ ਤੋਂ ਇੱਕੋ ਆਵਾਜ਼ ਉੱਠ ਰਹੀ ਹੋਵੇ “ਬਾਬਾ ਬਰਾੜ, ਤੂੰ ਨਹੀਂ ਰਿਹਾ, ਪਰ ਤੇਰੇ ਜੋੜੇ ਦਿਲ ਅਜੇ ਵੀ ਧੜਕ ਰਹੇ ਹਨ।”ਅਤੇ ਸ਼ਾਇਦ ਇਹੀ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ।ਉਹ ਚਲਾ ਗਿਆ, ਪਰ ਭਾਰਤ-ਪਾਕਿ ਦੀਆਂ ਸਾਂਝਾਂ ਲਈ ਜਗਾਇਆ ਦੀਵਾ ਪਿੱਛੇ ਛੱਡ ਗਿਆ, ਕਾਸ਼ ਇਹ ਦੀਵਾ ਜਗਦਾ ਰਹੇ ਇਹੀ ਦੁਆ ਕਰਦੇ ਹਾਂ।
ਪੇਸ਼ਕਸ਼ ; ਕੁਲਦੀਪ ਸਿੰਘ ਲੋਹਟ
9876492410