ਗੁਰਭਜਨ ਗਿੱਲ
ਦਿਨ ਚੜ੍ਹਦੇ ਤੋਂ ਸ਼ਾਮ ਤੀਕ ਜਦ,
ਯਾਦਾਂ ਝੁਰਮਟ ਪੌਂਦੀਆਂ ਨੇ ।
ਸਾਹਾਂ ਵਿੱਚ ਸਰਗਮ ਛਿੜ ਪੈਂਦਾ,
ਫਿਰ ਪੌਣਾਂ ਨਗਮੇ ਗੌਂਦੀਆਂ ਨੇ ।``////
ਕਦੇ ਸੂਰਜ ਚੰਨ ਤੇ ਤਾਰਿਆਂ ਵਿੱਚ,
ਜਿੰਦ ਲੱਭਦੀ ਤੈਨੂੰ ਸਾਰਿਆਂ ਵਿੱਚ,
ਸੁਣਿਆ ਕਰ ਅੰਬਰਾਂ ਵਾਲੜਿਆ,
ਜਦ ਕੂੰਜੜੀਆਂ ਕੁਰਲੌਂਦੀਆਂ ਨੇ ।////
ਤਪ ਜਾਵੇ ਪਿੰਡਾ ਧਰਤੀ ਦਾ,
ਮੁਰਝਾਉਂਦੇ ਬਿਰਖ਼ ਬਰੂਟੇ ਜਦ,
ਅੰਦਾਜ਼ ਅਜਬ ਮੀਂਹ ਮੰਗਣ ਦਾ,
ਤਦ ਚਿੜੀਆਂ ਰੇਤ ਨਹੌਂਦੀਆਂ ਨੇ ।////
ਧਰਤੀ ਵਿੱਚ ਜੜ੍ਹਾਂ ਸਲਾਮਤ ਜੇ,
ਪੱਤਿਆਂ ਨੂੰ ਲੋਰੀਆਂ ਪੌਣ ਦਏ,
ਖਿੜਦਾ ਹੈ ਬਾਗ ਬਗੀਚਾ ਫਿਰ,
ਖ਼ੁਸ਼ਬੋਈਆਂ ਆਪ ਬੁਲੌਂਦੀਆਂ ਨੇ ।////
ਸੂਰਜ ਦੀ ਅੱਖ ਵਿੱਚ ਅੱਖ ਪਾਵਾਂ,
ਕਿਰਨਾਂ ਵੀ ਮੇਰਾ ਨੇੜ ਕਰਨ,
ਚਾਨਣ ਦੀ ਸੁਰਮ ਸਲਾਈ ਲੈ,
ਮੇਰੇ ਨੈਣਾਂ ਦੇ ਵਿੱਚ ਪੌਂਦੀਆਂ ਨੇ ।////
ਰੂਹ ਵਾਲੇ ਵਰਕ ਫ਼ਰੋਲਦੀਆਂ,
ਤੇ ਆਖਣ ਮੂੰਹ 'ਚੋਂ ਬੋਲ ਜ਼ਰਾ,
ਦਸਤਕ ਦਰ ਦਸਤਕ ਦੇ ਦੇ ਕੇ,
ਦਿਲ ਦਾ ਬੂਹਾ ਖੜਕੌਂਦੀਆਂ ਨੇ ।////
ਖੂਹਾਂ ਦੇ ਪਾਣੀ ਉੱਤਰ ਗਏ,
ਆਹ ਅੱਖੀਆਂ ਵਿੱਚੋਂ ਕੀ ਵਗਦਾ,
ਹੰਝੂਆਂ ਦੀ ਮਾਲ੍ਹ ਨਹੀਂ ਤਰਦੀ,
ਟਿੰਡਾਂ ਕਿਉਂ ਭਰ ਭਰ ਔਂਦੀਆਂ ਨੇ?////
ਸੁਪਨੇ ਵਿੱਚ ਰੋਜ਼ ਮੈਂ ਵੇਖ ਰਿਹਾਂ,
ਮੇਰੀ ਮਾਂ ਤੇ ਚਾਚੀ ਤਾਈ ਸਭ,
ਹਾਲੇ ਵੀ ਸਾਂਝਾ ਬਾਲਣ ਲੈ,
ਹਰ ਸ਼ਾਮ ਤੰਦੂਰ ਤਪੌਂਦੀਆਂ ਨੇ ।////
ਖ੍ਵਾਬਾਂ ਦੇ ਉਡਣ ਖਟੋਲੇ ਵਿੱਚ,
ਯਾਦਾਂ ਅਸਵਾਰ ਸਦੀਵੀ ਨੇ,
ਦਿਨ ਰਾਤ ਮੇਰੇ ਸੰਗ ਜਾਗਦੀਆਂ,
ਖ਼ੌਰੇ ਕਿਸ ਵੇਲੇ ਸੌਂਦੀਆਂ ਨੇ ।////




