ਮੋਗਾ, 17 ਅਗਸਤ ( ਜਸ਼ਨ ) : ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵੱਲੋਂ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਏ ਜਾ ਰਹੇ 30ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਗਰਣ ਦੇ ਸੱਦੇ ਨੂੰ ਲੈ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਨਗਰ ਨਿਗਮ ਦੇ ਸਾਬਕਾ ਮੇਅਰ ਅਕਸ਼ਿਤ ਜੈਨ ਨੂੰ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵੱਲੋਂ 30ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਹੋਣ ਵਾਲੇ ਇਸ ਵਿਸ਼ਾਲ ਜਾਗਰਣ ਵਿੱਚ ਪ੍ਰਸਿੱਧ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਮਾਂ ਭਗਵਤੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਸਰਾਬੋਰ ਕਰਨਗੇ। ਜਾਗਰਣ ਨੂੰ ਲੈ ਕੇ ਸੰਸਥਾ ਵੱਲੋਂ ਵੱਖ-ਵੱਖ ਤਿਆਰੀਆਂ ਅਤੇ ਪ੍ਰਬੰਧਾਂ ਦੀਆਂ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਮਾਂ ਭਗਵਤੀ ਦੀ ਪਾਵਨ ਜੋਤ ਜਾਗਰਣ ਤੋਂ ਸੱਤ ਦਿਨ ਪਹਿਲਾਂ ਅਮਿਤ ਮਿੱਤਲ ਦੇ ਨਿਵਾਸ ਸਥਾਨ ’ਤੇ ਲਿਆਂਦੀ ਜਾਵੇਗੀ, ਜਿੱਥੇ ਵਿਧੀਵਤ ਝੰਡਾ ਪੂਜਨ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਜਾਗਰਣ ਵਿੱਚ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ।