ਧਰਮਕੋਟ, 10 ਅਕਤੂਬਰ (ਜਸ਼ਨ ) ਵਿਧਾਨ ਸਭਾ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਗੜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਨਵੀਂ ਜਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉੱਚੀ ਤੇ ਸੱਚੀ ਸੋਚ ਦੇ ਮਾਲਕ ਪਰਗਟ ਸਿੰਘ ਨੂੰ ਪੰਜਾਬ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਦੇ ਕੇ ਕਾਂਗਰਸੀ ਵਰਕਰਾਂ ਵਿਚ ਨਵੇਂ ਸਿਰਿਓ ਜੋਸ਼ ਭਰ ਦਿੱਤਾ ਹੈ ਜਿਨ੍ਹਾਂ ਦੀ ਅਗਵਾਈ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਤ ਹੀ ਮਜਬੂਤੀ ਨਾਲ ਆਪਣੇ ਦਮ ਦੇ ਸਰਕਾਰ ਬਣਾਉਣ ਵਿਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਹੇਗੀ। ਸੁਖਜੀਤ ਸਿੰਘ ਲੋਹਗੜ ਨੇ ਆਖਿਆ ਕਿ ਪ੍ਰਗਟ ਸਿੰਘ ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਹਨ, ਉਥੇ ਹੀ ਉਹ ਪੜੇ ਲਿਖੇ, ਸੁਲਝੇ ਹੋਏ ਤਜਰਬੇਕਾਰ ਲੀਡਰ ਹੋਣ ਦੇ ਨਾਲ-ਨਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ, ਜਿਨ੍ਹਾਂ ਦੀ ਕਪਤਾਨੀ ਵਿਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਲੀਡ ਮਿਲੇਗੀ, ਉਥੇ ਹੀ ਕਾਂਗਰਸੀ ਵਰਕਰਾਂ ਦੇ ਵਿਚ ਵੀ ਬਹੁਤ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਪਰਗਟ ਸਿੰਘ ਇਕ ਬਹੁਤ ਵਧੀਆ ਲੀਡਰ ਹਨ, ਉਥੇ ਹੀ ਉਨ੍ਹਾਂ ਦੀ ਕਿਸੇ ਨਾਲ ਵੀ ਮੁਖਾਲਫਤ ਨਹੀ ਹੈ, ਵਰਕਰਾਂ ਤੋਂ ਲੈ ਹਾਈ ਕਮਾਂਡ ਤੱਕ ਹਰੇਕ ਨਾਲ ਉਨ੍ਹਾਂ ਦਾ ਆਪਸੀ ਚੰਗਾ ਤਾਲਮੇਲ ਹੈ, ਜਿਵੇ ਹਾਕੀ ਦੀ ਟੀਮ ਦਾ ਕਪਤਾਨ ਆਪਣੇ ਟੀਮ ਮੈਂਬਰਾਂ ਨੂੰ ਨਾਲ ਲੈ ਕੇ ਜਿੱਤ ਦੀਆਂ ਵਿਉਂਤਬੰਦੀਆਂ ਬਣਾਉਂਦਾ ਹੈ ਉਸੇ ਤਰ੍ਹਾਂ ਹੀ ਪ੍ਰਗਟ ਸਿੰਘ ਨੂੰ ਵੀ ਵਰਕਰ ਇਸ ਤਾਲਮੇਲ ਦੀ ਬਹੁਤ ਮਜਬੂਤੀ ਨਾਲ ਆਪਣੇ ਦਮ ਤੇ ਸਰਕਾਰ ਬਣਦੀ ਵੇਖਣ ਲਈ ਪੱਬਾਂ ਭਾਰ ਹੋਈ ਬੈਠੇ ਨੇ। ਪ੍ਰਗਟ ਸਿੰਘ ਦੀ ਨਿਯੁਕਤੀ ਨਾਲ ਸੂਬੇ ਦੇ ਕਾਂਗਰਸੀ ਵਰਕਰਾਂ ਵਿੱਚ ਇੱਕ ਨਵਾਂ ਉਤਸਾਹ ਅਤੇ ਨਵਾਂ ਜੋਸ਼ ਪੈਦਾ ਹੋਇਆ ਹੈ।ਉਨ੍ਹਾਂ ਆਖਿਆ ਕਿ ਅੱਜ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੋ ਚੁੱਕੀ ਹੈ ਅਤੇ ਹਰ ਪਾਸੇ ਨਸਾ ਲੁੱਟਾ ਖੋਹਾ, ਡਕੈਤੀਆਂ, ਫਿਰੌਤੀਆਂ ਦਾ ਬੋਲਬਾਲਾ ਹੈ ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਨੂੰ ਲੋਕ ਸੱਤਾ ਤੋਂ ਚਲਦਾ ਕਰਨ ਲਈ ਤਤਪਰ ਹਨ। ਅਖੀਰ ਸੁਖਜੀਤ ਸਿੰਘ ਲੋਹਗੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ’ਚ ਕਾਂਗਰਸ ਪਾਰਟੀ ਨੂੰ ਸਹਿਯੋਗ ਦੇਣ ਤਾਂ ਜੋ ਪੰਜਾਬ ਮੁੜ ਖੁਸ਼ਹਾਲੀ ਦੇ ਰਾਹ ਪੈ ਸਕੇ।