ਮੋਗਾ,4 ਅਕਤੂਬਰ( ਜਸ਼ਨ ) ਪੰਜਾਬੀ ਅੱਜ ਇੱਥੇ ਇੰਡੀਆ ਗੱਠਜੋੜ ਦੇ ਸੱਦੇ ਤੇ ਚੋਣ ਕਮਿਸ਼ਨ ਦੇ ਮੁੱਦੇ ਤੇ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿੱਚ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ ਅਤੇ ਸਿਵਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਅਜੇ (ਗੋਰਾ )ਸੂਦ ਨੇ ਕਿਹਾ ਕਿ ਦੇਸ਼ ਵਿੱਚੋਂ ਅਖੌਤੀ ਐਸ .ਆਈ .ਆਰ. ਦਾ ਸਹਾਰਾ ਲੈ ਕੇ ਬੀਜੇਪੀ ਸਰਕਾਰ ਨੇ 13 ਕਰੋੜ ਲੋਕਾਂ ਕੋਲੋਂ ਵੋਟ ਦਾ ਹੱਕ ਖੋ ਲਿਆ ਹੈ। ਦੇਸ਼ ਵਿੱਚ ਈਵੀਐਮ ਦੀ ਦੁਰਵਰਤੋਂ ਨਾਲ ਲਗਾਤਾਰ ਸੁਬਾਈ ਸਰਕਾਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਅਤੇ ਭਾਜਪਾ ਹਰ ਹਰਬਾ ਵਰਤ ਕੇ ਹਮੇਸ਼ਾ ਲਈ ਸੱਤਾ ਵਿੱਚ ਰਹਿਣ ਦੀ ਨੀਤੀ ਤੇ ਚੱਲ ਰਹੀ ਹੈ। ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਦੇ ਕੀਤੇ ਖੁਲਾਸਿਆਂ ਨਾਲ ਭਾਜਪਾ ਦੀ ਇਸ ਸਾਜਿਸ਼ ਦਾ ਭਾਂਡਾ ਚੁਰਾਹੇ ਫੁੱਟ ਗਿਆ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨਰ ਗਿਆਨਏਸ਼ ਵੱਲੋਂ ਰਚੀ ਜਾ ਰਹੀ, ਇਸ ਸਾਜ਼ਿਸ਼ ਵਿਰੁੱਧ ਇੰਡੀਆ ਗਠਜੋੜ ਵੱਲੋਂ ਅੰਦੋਲਨ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸੇ ਕੜੀ ਤਹਿਤ ਮੋਗਾ ਵਿਖੇ 8 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਦੇਸ਼ ਵਿੱਚ ਘੋਲ ਨੂੰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸੇ ਸੰਬੰਧ ਵਿੱਚ ਪੰਜ ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਦਫਤਰ ਵਿੱਚ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਇਸ ਮੌਕੇ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ, ਪ੍ਰਿੰਸੀਪਲ ਪੂਰਨ ਸਿੰਘ ਸੰਧੂ ,ਇੰਦਰਜੀਤ ਸਿੰਘ ਬੀੜ ਚੜਿੱਕ,ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਡਾਕਟਰ ਇੰਦਰਵੀਰ ਗਿੱਲ ,ਗੁਰਦਿੱਤ ਦੀਨਾ ,ਜਗਸੀਰ ਖੋਸਾ ,ਹਰਪ੍ਰੀਤ ਹੈਪੀ ,ਮਹਿੰਦਰ ਪਾਲ ਲੂੰਬਾ , ਅਮਰਜੀਤ ਜੱਸਲ, ਮਨਿੰਦਰ ਸਿੰਘ ਬੇਦੀ, ਅਮਨਦੀਪ ਅਨੇਜਾ, ਲੱਕੀ ਗਿੱਲ ਆਦਿ ਆਗੂ ਹਾਜਰ ਸਨ।