ਹੁਸ਼ਿਆਰਪੁਰ,9ਜੁਲਾਈ ( ਬਖਸ਼ੀ ) ਪੰਜਾਬ ਪੁਲਿਸ ਨੇ ਟਾਂਡਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਹੁਸ਼ਿਆਰਪੁਰ ਦੀ ਪੁਲਿਸ ਲਾਈਨਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਕਾਰਵਾਈ ਅਮਰੀਕੀ ਖੁਫੀਆ ਏਜੰਸੀ, ਐਫ ਬੀ ਆਈ ਦੁਆਰਾ "ਆਪ੍ਰੇਸ਼ਨ ਹਾਰਡਬਾਲ" ਦੇ ਤਹਿਤ ਜਾਂਚ ਕੀਤੇ ਜਾ ਰਹੇ ਇੱਕ ਕਥਿਤ ਜਬਰਦਸਤੀ ਮਾਮਲੇ ਸੰਬੰਧੀ ਖ਼ਬਰਾਂ ਦੀਆਂ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦਾ ਨੋਟਿਸ ਲੈਣ ਤੋਂ ਬਾਅਦ ਕੀਤੀ ਗਈ।ਜ਼ਿਕਰਯੋਗ ਹੈ ਕਿ ਲਾਸ ਏਂਜਲਸ ਦੇ ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਚਰਚਾ ਵਿਚ ਹੈ। ਤੱਥ-ਖੋਜ ਜਾਂਚ ਦੌਰਾਨ ਇਹ ਸਾਹਮਣੇ ਆਵੇਗਾ ਕਿ ਕੀ ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਲਾਸ ਏਂਜਲਸ ਦੇ ਪਰਿਵਾਰ ਨੂੰ ਕਤਲ ਦੇ ਮਾਮਲੇ ਵਿਚ ਫਸਾਉਣ ਦੀ ਧਮਕੀ ਦੇ ਕੇ 4 ਲੱਖ ਡਾਲਰ ਦੀ ਫਿਰੌਤੀ ਮੰਗੀ ਹੈ ਜਾਂ ਨਹੀਂ । ਉਸ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ।

ਡੀਆਈਜੀ, ਜਲੰਧਰ ਰੇਂਜ ਦੇ ਦਫ਼ਤਰ ਦੁਆਰਾ ਜਾਰੀ ਇੱਕ ਪ੍ਰੈਸ ਨੋਟ ਦੇ ਅਨੁਸਾਰ, ਮਾਮਲੇ ਦੇ ਤੱਥਾਂ ਦੀ ਪੁਸ਼ਟੀ ਕਰਨ ਲਈ ਇੱਕ ਰਸਮੀ ਤੱਥ-ਖੋਜ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜਾਂਚ ਦੀ ਜ਼ਿੰਮੇਵਾਰੀ ਇੱਕ ਆਈ ਪੀ ਐਸ ਅਧਿਕਾਰੀ, ਜਲੰਧਰ ਦਿਹਾਤੀ ਦੇ ਪੁਲਿਸ ਸੁਪਰਡੈਂਟ (ਜਾਂਚ) ਨੂੰ ਸੌਂਪੀ ਗਈ ਹੈ।

ਜਾਂਚ ਅਧਿਕਾਰੀ ਨੂੰ ਸਾਰੇ ਦੋਸ਼ਾਂ ਅਤੇ ਸੰਬੰਧਿਤ ਤੱਥਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇੰਸਪੈਕਟਰ ਨਾਗਰਾ ਦਾ ਤਬਾਦਲਾ ਤੱਥਾਂ ਦੀ ਪੁਸ਼ਟੀ ਤੱਕ ਇੱਕ ਪ੍ਰਸ਼ਾਸਕੀ ਕਦਮ ਹੈ, ਜਾਂਚ ਰਿਪੋਰਟ ਦੇ ਆਧਾਰ 'ਤੇ, ਜੇ ਜ਼ਰੂਰੀ ਹੋਇਆ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਐਫ ਬੀ ਆਈ ਵਲੋਂ ਕਤਲ,ਫਿਰੌਤੀ ਅਤੇ ਗੋਲਾਬਾਰੀ ਮਾਮਲਿਆਂ ਦੀ ਜਾਂਚ 'ਚ ਲਾਰੇਂਸ ਬਿਸ਼ਨੋਈ,ਭਗਵਾਨਪੁਰੀਆ ਅਤੇ ਗੋਲਡੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿੰਨਾ ਤੇ ਦੋਸ਼ ਹੈ ਕਿ ਉਹਨਾਂ ਸੰਗਠਿਤ ਹੋ ਕੇ ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰਿਆਂ ਦੇ ਅੰਦਰ ਹਿੰਸਾ, ਡਰ ਅਤੇ ਅਸਥਿਰਤਾ ਨੂੰ ਹਵਾ ਦਿੱਤੀ ਹੈ। ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀਆਂ ਗਤੀਵਿਧੀਆਂ ਦੇ ਤਾਰ ਵੀ ਕਿਤੇ ਨਾ ਕਿਤੇ ਅਜਿਹੇ ਸਮੂਹਾਂ ਨਾਲ ਜੁੜਦੇ ਪਾਏ ਗਏ ਨੇ ਜਿੰਨਾਂ ਦੀ ਪੜਤਾਲ ਜਾਰੀ ਹੈ।