ਸ੍ਰੀ ਮੁਕਤਸਰ ਸਾਹਿਬ , 21 ਮਈ (ਜਸ਼ਨ )
ਸ੍ਰੀ ਮੁਕਤਸਰ ਸਾਹਿਬ ਵਿੱਚ ਇਕ ਦਰਦਨਾਕ ਘਟਨਾ ਦੌਰਾਨ ਪਿਓ-ਪੁੱਤਰ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਸਰੋਤਾਂ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਪਿਓ-ਪੁੱਤਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਗੁੱਸੇ ਵਿੱਚ ਆਏ ਪੁੱਤਰ ਨੇ ਝਬੇਲਵਾਲੀ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁੱਤਰ ਨੂੰ ਬਚਾਉਣ ਲਈ ਪਿਤਾ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਏ।
ਪੁਲਿਸ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਨੇ ਰੱਸੀਆਂ ਸੁੱਟ ਕੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਨੇ ਇੱਕ ਵਾਰ ਰੱਸੀ ਫੜ ਵੀ ਲਈ ਸੀ ਪਰ ਆਪਣੇ ਪਿਤਾ ਨੂੰ ਡੁੱਬਦਾ ਦੇਖ ਕੇ ਉਹ ਮੁੜ ਉਸ ਨੂੰ ਬਚਾਉਣ ਲਈ ਵਾਪਸ ਚਲਾ ਗਿਆ, ਜਿਸ ਕਾਰਨ ਦੋਵੇਂ ਨਹਿਰ ਵਿੱਚ ਸਮਾ ਗਏ।
ਥਾਣਾ ਬਰੀਵਾਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਦੀ ਭਾਲ ਕੀਤੀ ਗਈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ




