ਜੋਗਿੰਦਰ ਸਿੰਘ ਮਾਨ
ਮਾਨਸਾ, 3 ਸਤੰਬਰ
ਮਾਲਵਾ ਪੱਟੀ ਵਿਚ ਨਰਮੇ ਦੀ ਫ਼ਸਲ ਵਿਕਣ ਲਈ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਵਪਾਰੀਆਂ ਵੱਲੋਂ ਸਰਕਾਰੀ ਭਾਅ ਤੋਂ ਵਧਕੇ ਨਰਮੇ ਨੂੰ ਖਰੀਦਿਆ ਜਾਣ ਲੱਗਿਆ ਹੈ। ਭਾਵੇਂ ਕਈ ਦਿਨਾਂ ਤੋਂ ਛੋਟੀਆਂ-ਛੋਟੀਆਂ ਢੇਰੀਆਂ ਵਿਕਣ ਲਈ ਆ ਰਹੀਆਂ ਹਨ, ਪਰ ਅੱਜ ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਕਈ ਕਿਸਾਨਾਂ ਵੱਲੋਂ ਨਰਮੇ ਨੂੰ ਵੇਚਣ ਲਈ ਲਿਆਂਦਾ ਹੈ। ਬੇਸ਼ੱਕ ਬੋਲੀਕਾਰ ਕਈ ਵਪਾਰੀ ਸਨ, ਪਰ ਸਰਕਾਰੀ ਭਾਅ 8267 ਰੁਪਏ (ਦਰਮਿਆਨ ਰੇਸ਼ੇ ਵਾਲਾ) ਅਤੇ 8667 ਰੁਪਏ (ਲੰਬੇ ਰੇਸ਼ੇ ਵਾਲਾ) ਤੋਂ ਵੱਧਕੇ ਹੀ ਬੋਲੀ ਸਿਰੇ ਚੜ੍ਹੀ ਹੈ।
ਉਂਝ ਮੰਡੀ ਵਿਚ ਨਰਮਾ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਐਤਕੀਂ ਫਸਲ ਦੇ ਚੰਗਾ ਝਾੜ ਦੇਣ ਦੀ ਫਿਲਹਾਲ ਉਮੀਦ ਬੱਝੀ ਹੈ। ਨਰਮੇ ਦੇ ਖਰੀਦਦਾਰ ਅਤੇ ਆੜਤੀਆਂ ਨੇ ਭਾਅ ਪੱਖੋਂ ਵੀ ਇਸ ਜਿਣਸ ਦੇ ਚੰਗੀ ਰਹਿਣ ਦੀ ਆਸ ਪ੍ਰਗਟਾਈ ਹੈ, ਕਿਉਂਕਿ ਇਸ ਵਾਰ ਕਿਸਾਨਾਂ ਵੱਲੋਂ ਨਰਮੇ ਦੀ ਖੇਤੀ ਵੈਸੇ ਹੀ ਬਹੁਤ ਘੱਟ ਕੀਤੀ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ਵਿਕਣ ਲਈ ਲਗਭਗ ਦੋ ਹਫ਼ਤੇ ਲੇਟ ਪੁੱਜੀ ਹੈ। ਅਜੇ ਤੱਕ ਕਿਸੇ ਵੀ ਮੰਡੀ ਵਿੱਚ ਸਰਕਾਰੀ ਖਰੀਦ ਏਜੰਸੀ ਭਾਰਤੀ ਕਪਾਹ ਨਿਗਮ (ਸੀਸੀਆਈ) ਨੇ ਖਰੀਦ ਸਬੰਧੀ ਕੋਈ ਤਿਆਰੀ ਨਹੀਂ ਕੀਤੀ ਗਈ ਹੈ।
ਪੰਜਾਬ ਰਾਜ ਮੰਡੀਬੋਰਡ ਦੇ ਮਾਨਸਾ ਸਥਿਤ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਇਥੇ ਆਧੁਨਿਕ ਅਨਾਜ ਮੰਡੀ ਮਾਨਸਾ ਤੋਂ ਨਰਮੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਕਿਸਾਨ ਮਹਿੰਦਰ ਸਿੰਘ ਵਾਸੀ ਪਿੰਡ ਜਟਾਣਾ ਕਲਾਂ ਦਾ ਨਰਮਾ 8481 ਰੁਪਏ ਨੂੰ ਦਲੌਤ ਰਾਮ ਖੁਸ਼ੀ ਰਾਮ ਫਰਮ ਅਤੇ ਕਿਸਾਨ ਅੰਗਰੇਜ਼ ਸਿੰਘ ਵਾਸੀ ਪਿੰਡ ਟਾਂਡੀਆਂ ਦਾ ਨਰਮਾ 8431 ਕੱਚਾ ਆੜਤੀਆ ਕਾਲੀ ਰਾਮ ਆਦਮਾ ਦੇ ਨਾਮ ਹੇਠ ਖਰੀਦਿਆ ਗਿਆ।ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਦੇ ਚੰਗੇ ਮੁੱਲ ਮਿਲਣ ’ਤੇ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਬੋਲੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ ਹੈ ਕਿ ਕਿਸਾਨ ਆਪਣੀ ਫ਼ਸਲਾਂ ਦੇ ਚੰਗੇ ਭਾਅ ਖੱਟਕੇ ਆਉਣ ਵਾਲੇ ਤਿੱਥ ਤਿਉਹਾਰਾਂ ਨੂੰ ਹੱਸ-ਖੇਡਕੇ ਆਪਣੇ ਪਰਿਵਾਰਾਂ ਨਾਲ ਰਲ-ਮਿਲਕੇ ਮਨਾ ਸਕਣ।
ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦਾ ਕਹਿਣਾ ਹੈ ਕਿ ਅਗੇਤਾ ਨਰਮਾ ਮੰਡੀਆਂ ਵਿਚ ਆਉਣਾ ਸੱਚਮੁੱਚ ਵੱਡੀ ਇਨਕਲਾਬੀ ਤਬਦੀਲੀ ਹੈ, ਜਿਸ ਨਾਲ ਇਕੱਲੀ ਕਿਸਾਨੀ ਨੂੰ ਹੀ ਲਾਭ ਨਹੀਂ ਹੋਇਆ,ਸਗੋਂ ਇਸ ਨਾਲ ਆੜਤੀਏ,ਕਾਰਖਾਨੇਦਾਰ,ਮਾਰਕਿਟ ਕਮੇਟੀ ਅਤੇ ਹੋਰ ਧਿਰਾਂ ਨੂੰ ਮੁਨਾਫ਼ਾ ਹੋਣ ਦੀਆ ਵੱਡੀਆਂ ਉਮੀਦਾਂ ਬੱਝ ਗਈਆਂ ਹਨ।
ਇਸੇ ਦੌਰਾਨ ਇੱਕ ਵਪਾਰੀ ਸੋਹਨ ਲਾਲ ਦਾ ਕਹਿਣਾ ਹੈ ਕਿ ਬੇਸ਼ੱਕ ਮੰਡੀਆਂ ਵਿਚ ਅਜੇ ਕਿਸਾਨ ਤਾਜ਼ਾ ਚੁਗਿਆ ਨਰਮਾ ਥੋੜਾ-ਥੋੜਾ ਕਰਕੇ ਲੈਕੇ ਆ ਰਹੇ ਹਨ,ਪਰ ਵਪਾਰਕ ਹਲਕਿਆਂ ਦਾ ਕਹਿਣਾ ਹੈ ਕਿ ਇਸ ਨਰਮੇ ਦੀ ਕੀਮਤ ਅਗਲੇ ਦਿਨਾਂ ’ਚ ਹੋਰ ਉਚੀ ਜਾ ਸਕਦੀ ਹੈ, ਕਿਉਂਕਿ ਅਜੇ ਵਧੀਆ ਚਿੱਟੇ ਫੁੱਟਾਂ ਵਾਲਾ ਨਰਮਾ ਮੰਡੀਆਂ ’ਚ ਆਉਣ ਨਹੀਂ ਲੱਗਿਆ ਹੈ।
ਕੈਪਸ਼ਨ: ਨਰਮੇ ਦੀ ਬੋਲੀ ਕਰਵਾਉਂਦੇ ਹੋਏ ਮਾਨਸਾ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ।