ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੁਲਾਈ:
ਮਾਨਸਾ ਜਿ਼ਲ੍ਹੇ ਦੇ ਪਿੰਡ ਮੰਡੇਰ ਦੇ ਇੱਕ ਟਰੱਕ ਚਾਲਕ ਗੁਰਲਾਲ ਸਿੰਘ ਨੇ ਤਾਮਿਲਨਾਡੂ ਵਿਖੇ ਖੁਦ ਨੂੰ ਅੱਗ ਲਾ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਦੀ ਇੱਕ ਟਰਾਂਸਪੋਰਟ ਕੰਪਨੀ ਦੇ ਅਧਿਕਾਰੀਆਂ ਦੇ ਦੁਰਵਿਵਹਾਰ ਤੋਂ ਦੁਖੀ ਸੀ। ਗੁਰਲਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ।ਡਰਾਈਵਰ ਦਾ ਪਰਿਵਾਰ ਸਦਮੇ ਵਿਚ ਹੈ।
ਮਿਲੇ ਵੇਰਵਿਆਂ ਅਨੁਸਾਰ ਗੁਰਲਾਲ ਸਿੰਘ (35) ਦਿੱਲੀ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਪਿਛਲੇ ਮਹੀਨੇ ਉਹ ਦਿੱਲੀ ਤੋਂ ਟਰੱਕ ਵਿੱਚ ਬੈਟਰੀਆਂ ਲੈਕੇ ਤਾਮਿਲਨਾਡੂ ਲਈ ਰਵਾਨਾ ਹੋਇਆ ਸੀ। ਤਾਮਿਲਨਾਡੂ ਵਿਖੇ ਇੱਕ ਢਾਬੇ 'ਤੇ ਉਸਦਾ ਟਰੱਕ ਖ਼ਰਾਬ ਹੋ ਗਿਆ।
ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਲਾਲ ਸਿੰਘ ਨੇ ਕੰਪਨੀ ਅਧਿਕਾਰੀਆਂ ਤੋਂ ਸਹਾਇਤਾ ਦੀ ਮੰਗ ਕੀਤੀ, ਪਰ ਅਧਿਕਾਰੀਆਂ ਨੇ ਮੱਦਦ ਕਰਨ ਦੀ ਬਜਾਏ ਉਸ ਨੂੰ ਧਮਕੀਆਂ ਦਿੱਤੀਆਂ। ਇਸ ਘਟਨਾ ਤੋਂ ਦੁਖੀ ਹੋਕੇ ਗੁਰਲਾਲ ਸਿੰਘ ਨੇ ਖੁਦ ਨੂੰ ਡੀਜ਼ਲ ਪਾਕੇ ਅੱਗ ਲਗਾ ਲਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਹਵਾਈ ਮਾਰਗ ਰਾਹੀਂ ਤਾਮਿਲਨਾਡੂ ਪਹੁੰਚਿਆ, ਜਿੱਥੇ ਉਸਨੇ ਦੇਖਿਆ ਕਿ ਉਸਦਾ ਭਰਾ ਨੂੰ ਹਸਪਤਾਲ ਵਿੱਚ ਵਧੀਆ ਇਲਾਜ ਨਹੀਂ ਮਿਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਐਬੂਲੈਂਸ ਰਾਹੀਂ ਬੁਢਲਾਡਾ ਲਿਆਂਦਾ ਜਾ ਰਿਹਾ ਸੀ, ਪਰ ਉਸ ਨੇ ਰਸਤੇ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਨੂੰ ਤਾਮਿਲਨਾਡੂ ਤੋਂ ਬੁਢਲਾਡਾ ਲਿਆਉਣ ਵਿੱਚ 48 ਘੰਟਿਆਂ ਦਾ ਸਮਾਂ ਲੱਗਿਆ ਅਤੇ ਉਸਦੇ ਲਈ ਉਨ੍ਹਾਂ ਦਾ ਐਂਬੂਲੈਂਸ ਵਾਲੇ 1 ਲੱਖ 10 ਹਜ਼ਾਰ ਰੁਪਏ ਕਿਰਾਇਆ ਦਿੱਤਾ।