ਬਾਘਾ ਪੁਰਾਣਾ, 22 ਸਤੰਬਰ (ਜਸ਼ਨ ) ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੈਕਟਰੀ ਅਤੇ ਸੀਨੀਅਰ ਭਾਜਪਾ ਆਗੂ ਸੁਖਜਿੰਦਰ ਸਿੰਘ ਵਾਂਦਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਸਿਰਫ਼ ਕਿਸੇ ਇੱਕ ਸੰਸਥਾ ਜਾਂ ਸਰਕਾਰ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਇਸ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਚਲਾਈਆਂ ਜਾ ਰਹੀਆਂ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਮੁਹਿੰਮ ਤਹਿਤ ਪੰਜਾਬ ਵਿੱਚ ਕੱਢੀਆਂ ਜਾ ਰਹੀਆਂ ਚਾਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਸਬੰਧੀ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਚਾਰ ਯਾਤਰਾਵਾਂ ਰਾਹੀਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣ ਦੀ ਯੋਜਨਾ ਬਣਾਈ ਗਈ ਹੈ। ਇਹ ਯਾਤਰਾਵਾਂ 18 ਤੋਂ 30 ਸਤੰਬਰ ਤੱਕ ਚੱਲ ਰਹੀਆਂ ਹਨ ਅਤੇ ਅੰਤਿਮ ਸਮਾਗਮ ਜਲੰਧਰ ਵਿਖੇ ਹੋਵੇਗਾ। ਸੁਖਜਿੰਦਰ ਸਿੰਘ ਵਾਂਦਰ ਨੇ ਕਿਹਾ ਕਿ ਨਸ਼ਿਆਂ ਕਾਰਨ ਕਈ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਲੋਕਾਂ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯਾਤਰਾਵਾਂ ਦੌਰਾਨ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਦੇ ਨਾਲ-ਨਾਲ ਸਮਾਜਿਕ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਦਿਆਂ ਇਲਾਜ ਅਤੇ ਮੁੜ ਵਸੇਬੇ ਲਈ ਵੀ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਮਾਪਿਆਂ ਦੇ ਨਾਲ-ਨਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ‘ਨਸ਼ਾ ਮੁਕਤ ਪੰਜਾਬ’ ਦਾ ਟੀਚਾ ਹਾਸਲ ਕਰਨ ਲਈ ਸਰਕਾਰੀ ਯਤਨਾਂ ਦੇ ਨਾਲ ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਨੌਜਵਾਨ ਕਲੱਬਾਂ, ਖੇਡ ਸੰਸਥਾਵਾਂ ਅਤੇ ਆਮ ਲੋਕਾਂ ਦੀ ਭਾਗੀਦਾਰੀ ਵੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਆਲੇ-ਦੁਆਲੇ ਦੇ ਨੌਜਵਾਨਾਂ ਨੂੰ ਵੀ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ।