ਸਿਲਵਰ ਸਪਰਿੰਗ , ਅਮੈਰਿਕਾ 19 ਜੂਨ (ਜਸ਼ਨ ) : 18 ਜੂਨ ਨੂੰ ਓਲਡ ਕੋਲੰਬੀਆ ਪਾਈਕ ਰੋਡ 'ਤੇ ਗੁਰਦੁਆਰਾ ਗੁਰੂਨਾਨਕ ਦਰਬਾਰ ਸਾਹਿਬ ਵਿਖੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਮ ਦੇ ਦੀਵਾਨ ਸਜਾਏ ਗਏ । ਇਸ ਮੌਕੇ ਪਾਉਂਟਾ ਸਾਹਿਬ ਤੋਂ ਉੱਚੇਚੇ ਤੌਰ ਤੇ ਆਏ ਰਾਗੀ ਜਥੇ ਨੇ ਵੈਰਾਗਮਈ ਗੁਰ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਨਗਿੰਦਰ ਸਿੰਘ, ਭਾਈ ਚਰਨ ਸਿੰਘ ਅਤੇ ਭਾਈ ਅਮਰੀਕ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ ਜਦ ਕਿ ਇਸ ਮੌਕੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਬਾਰੇ ਭਾਈ ਜੋਗਿੰਦਰ ਸਿੰਘ ਮਾਹਟਾ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਨਾਲ ਸੰਗਤਾਂ ਨਾਲ ਸਾਂਝ ਪਾਈ ਅਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ । ਭਾਈ ਜਗਮੋਹਣ ਸਿੰਘ ਵਲੋਂ ਸਮਾਗਮ ਦੇ ਅਖੀਰ ਵਿਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ ਗਈ ।
ਗੁਰੂਦਵਾਰਾ ਗੁਰੂਨਾਨਕ ਦਰਬਾਰ ਦੇ ਪ੍ਰਬੰਧਕਾਂ ਭਾਈ ਜਗਮੋਹਣ ਸਿੰਘ, ਭਾਈ ਹਰਮੋਹਨ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਨੇ ਦੱਸਿਆ ਕਿ 19 ਜੂਨ ਨੂੰ ਸਵੇਰ ਵੇਲੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਜੂਨ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ।
ਉਹਨਾਂ ਦੱਸਿਆ ਕਿ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਆਸ ਦੀ ਵਾਰ ਦਾ ਗੁਰਸ਼ਬਦ ਕੀਰਤਨ ਹੋਵੇਗਾ ਅਤੇ ਦੁਪਹਿਰ 12 ਤੋਂ 2 ਵਜੇ ਤਕ ਦੀਵਾਨ ਸਜਣਗੇ ਅਤੇ ਇਹਨਾਂ ਦੀਵਾਨਾਂ ਵਿਚ ਭਾਈ ਨਗਿੰਦਰ ਸਿੰਘ, ਭਾਈ ਚਰਨ ਸਿੰਘ ਅਤੇ ਭਾਈ ਅਮਰੀਕ ਸਿੰਘ ਪਾਉਂਟਾ ਸਾਹਿਬ ਵਾਲਿਆਂ ਦਾ ਕੀਰਤਨੀ ਜਥਾ ਹਾਜ਼ਰੀ ਭਰੇਗਾ ।