ਤਰਨਤਾਰਨ, 20 ਜੁਲਾਈ (ਅਮਿਤ ਮਰਵਾਹਾ)

ਬੁਢਾਪੇ ਨੂੰ ਆਰਥਿਕ ਪੱਖੋਂ ਸੁਰੱਖਿਅਤ ਅਤੇ ਸਨਮਾਨਜਨਕ ਬਣਾਉਣ ਦੇ ਮੰਤਵ ਨਾਲ ਭਾਰਤ ਸਰਕਾਰ ਦੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਵੱਲੋਂ ‘ਐਨਪੀਐਸ ਸੰਚੇ’ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ (ਐਸਐਚਜੀ) ਦੀਆਂ ਮਹਿਲਾਵਾਂ, ਬੈਂਕ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਪੀਐਫਆਰਡੀਏ ਨਵੀਂ ਦਿੱਲੀ ਦੇ ਮਨੋਜ ਤਿਵਾੜੀ, ਐਸਐਲਬੀਸੀ ਪੰਜਾਬ ਦੇ ਮੁਖੀ ਆਰ. ਕੇ. ਮੀਨਾ ਅਤੇ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਦੇ ਜੋਨਲ ਮੈਨੇਜਰ ਆਸ਼ੀਸ਼ ਗਾਂਧੀ ਪੀਐਨਬੀ ਦੇ ਸਰਕਲ ਹੈੱਡ ਕ੍ਰਿਸ਼ਨ ਕੁਮਾਰ ਨੇ ਸ਼ਮਾ ਰੌਸ਼ਨ ਕਰਕੇ ਕੀਤੀ।
ਮੁੱਖ ਮਹਿਮਾਨ ਮਨੋਜ ਤਿਵਾੜੀ ਨੇ ਕਿਹਾ ਕਿ ਐਨਪੀਐਸ ਸੰਚੇ ਇੱਕ ਅਜਿਹੀ ਰਾਸ਼ਟਰੀ ਪੈਨਸ਼ਨ ਯੋਜਨਾ ਹੈ ਜੋ ਹਰ ਨਾਗਰਿਕ ਨੂੰ ਬੁਢਾਪੇ ਵਿੱਚ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 250 ਰੁਪਏ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਘੱਟੋ-ਘੱਟ 10 ਰੁਪਏ ਮਹੀਨਾਵਾਰ ਯੋਗਦਾਨ ਨਾਲ ਵੀ ਬਚਤ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਲੰਬੇ ਸਮੇਂ ਦੀ ਨਿਵੇਸ਼ ਯੋਜਨਾ ਹੋਣ ਕਾਰਨ ਇਸ ਨਾਲ ਰਿਟਾਇਰਮੈਂਟ ਸਮੇਂ ਇੱਕ ਮਜ਼ਬੂਤ ਪੈਨਸ਼ਨ ਕੋਸ਼ ਤਿਆਰ ਹੁੰਦਾ ਹੈ।
ਐਸਐਲਬੀਸੀ ਪੰਜਾਬ ਦੇ ਮੁਖੀ ਆਰ. ਕੇ. ਮੀਨਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਯੋਜਨਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਤਾਧਾਰਕ ਦੀ ਮੌਤ ਹੋਣ 'ਤੇ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਦਾ ਲਾਭ ਮਿਲਦਾ ਹੈ ਅਤੇ ਦੋਵਾਂ ਦੀ ਮੌਤ ਹੋਣ ਦੀ ਸਥਿਤੀ ਵਿੱਚ ਜਮ੍ਹਾਂ ਰਕਮ ਨਾਮਜ਼ਦ ਵਾਰਸ ਨੂੰ ਦਿੱਤੀ ਜਾਂਦੀ ਹੈ, ਜਿਸ ਕਾਰਨ ਇਹ ਯੋਜਨਾ ਪੂਰੇ ਪਰਿਵਾਰ ਲਈ ਸੁਰੱਖਿਆ ਦਾ ਸਾਧਨ ਬਣਦੀ ਹੈ।
ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਦੇ ਜੋਨਲ ਮੈਨੇਜਰ ਆਸ਼ੀਸ਼ ਗਾਂਧੀ ਨੇ ਕਿਹਾ ਕਿ 18 ਤੋਂ 85 ਸਾਲ ਤੱਕ ਦਾ ਹਰ ਭਾਰਤੀ ਨਾਗਰਿਕ ਐਨਪੀਐਸ ਸੰਚੇ ਯੋਜਨਾ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਖਾਤਾ ਕਿਸੇ ਵੀ ਬੈਂਕ, ਕਾਮਨ ਸਰਵਿਸ ਸੈਂਟਰ (ਸੀਐਸਸੀ) ਜਾਂ ਆਨਲਾਈਨ ਪੋਰਟਲ ਰਾਹੀਂ ਖੋਲ੍ਹਿਆ ਜਾ ਸਕਦਾ ਹੈ। ਇਸ ਲਈ ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਲਈ ਇਸ ਯੋਜਨਾ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਨਾਬਾਰਡ ਦੇ ਡੀਡੀਐਮ ਮਨਜੀਤ ਸਿੰਘ ਅਤੇ ਪ੍ਰੋਟੀਨ ਦੇ ਮੈਨੇਜਰ ਜਸਵਿੰਦਰ ਸਿੰਘ ਧਾਰੀਵਾਲ ਨੇ ਵੀ ਯੋਜਨਾ ਦੇ ਲਾਭਾਂ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਹਾਜ਼ਰ ਲੋਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ ਅਤੇ ਜਾਗਰੂਕਤਾ ਲਈ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।
ਅੰਤ ਵਿੱਚ ਸਮਾਗਮ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੀਐਨਬੀ ਦੇ ਸਰਕਲ ਹੈੱਡ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅੰਮ੍ਰਿਤਸਰ ਅਪਰਨਾ ਸ਼ਰਮਾ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤਰਨਤਾਰਨ ਸੰਦੀਪ ਸਹੋਤਾ ਸਮੇਤ ਵੱਖ-ਵੱਖ ਬੈਂਕਾਂ ਅਤੇ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਸਨ।