ਮੋਗਾ, 30 ਅਗਸਤ (ਜਸ਼ਨ ) : ਮਾਤਾ ਭਗਵਤੀ ਦਾ ਜਾਗਰਣ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਾਂ ਜਵਾਲਾ ਜੀ ਧਾਮ, ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੇ ਸ਼ਹਿਰ ਵਾਸੀਆਂ ਨੇ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਦਰਸ਼ਨ ਕੀਤੇ। ਮਾਂ ਭਗਵਤੀ ਦਾ ਸੁੰਦਰ ਦਰਬਾਰ, ਰੰਗ-ਬਿਰੰਗੀਆਂ ਲਾਈਟਾਂ ਅਤੇ ਵਿਸ਼ਾਲ ਪੰਡਾਲ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਜਾਗਰਣ ਦੀ ਸ਼ੁਰੂਆਤ ਪੰਡਿਤ ਪਵਨ ਗੌੜ ਪੱਪੂ ਦੀ ਅਗਵਾਈ ਹੇਠ ਗਣਪਤੀ ਪੂਜਨ ਅਤੇ ਨਵਗ੍ਰਹਿ ਪੂਜਨ ਦੀ ਰਸਮ ਨਾਲ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਮਿੱਤਲ, ਸੰਜੀਵ ਬੱਬੂ, ਸਰਪ੍ਰਸਤ ਸੀ.ਏ. ਸੰਦੀਪ ਗਰਗ, ਡਾ. ਪਰਸ਼ੁਰਾਮ ਸਿੰਘ, ਚੇਅਰਮੈਨ ਮੋਹਨ ਲਾਲ ਗੋਇਲ, ਵਾਈਸ ਚੇਅਰਮੈਨ ਪ੍ਰਦੀਪ ਕਾਕਾ, ਪ੍ਰਧਾਨ ਰਾਕੇਸ਼ ਗੋਇਲ, ਉਪ ਪ੍ਰਧਾਨ ਮਹੇਸ਼ ਬਾਂਸਲ, ਸਲਾਹਕਾਰ ਰਾਕੇਸ਼ ਸਿਤਾਰਾ, ਪ੍ਰੋਜੈਕਟ ਚੇਅਰਮੈਨ ਅਜੇ ਕਥੂਰੀਆ, ਪ੍ਰੋਜੈਕਟ ਚੇਅਰਮੈਨ ਪ੍ਰਵੀਨ ਗੋਇਲ, ਕੈਸ਼ੀਅਰ ਦਿਨੇਸ਼ ਜਿੰਦਲ, ਮੁੱਖ ਸਕੱਤਰ ਰਮਨ ਬੱਬ, ਪ੍ਰੋਜੈਕਟ ਚੇਅਰਮੈਨ ਵੇਦ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਮਹਿਲਾ ਮੰਡਲ ਦੀਆਂ ਮੈਂਬਰਾਂ ਹਾਜ਼ਰ ਸਨ।
ਜਾਗਰਣ ਵਿੱਚ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ, ਮੇਅਰ ਵਿਨੈਪਾਲ ਕੌਰ, ਸੀਨੀਅਰ ਡਿਪਟੀ ਮੇਅਰ ਅਸ਼ੋਕ ਬਜਾਜ ਕਾਲਾ, ਡਿਪਟੀ ਮੇਅਰ ਗੌਰਵ ਗਰਗ, ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮੰਤ ਗਰਗ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ


ਚੱਕੀ ਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੈਣੀ ਗਿੱਲ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਪਹੁੰਚੇ।
ਇਸ ਦੌਰਾਨ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਮਾਂ ਭਗਵਤੀ ਦੀ ਪਵਿੱਤਰ ਜੋਤ ਦੇ ਦਰਸ਼ਨ ਕੀਤੇ। ਐਸੋਸੀਏਸ਼ਨ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਾਗਰਣ ਦੀ ਸ਼ੁਰੂਆਤ ਪ੍ਰੇਮ ਨਗੀਨਾ ਮੋਗਾ ਵਾਲਿਆਂ ਨੇ ਮੰਗਲਾਚਰਨ ਅਤੇ ਗਣਪਤੀ ਆਰਾਧਨਾ ਨਾਲ ਕੀਤੀ। ਇਸ ਤੋਂ ਬਾਅਦ ਜਦੋਂ ਭਜਨ ਸਮਰਾਟ ਮਨੀ ਲਾਡਲਾ ਅਤੇ ਭਜਨ ਗਾਇਕਾ ਅੰਜਲੀ ਦਿਵੇਦੀ ਸਟੇਜ ’ਤੇ ਪਹੁੰਚੇ ਤਾਂ ਖਚਾਖਚ ਭਰੇ ਪੰਡਾਲ ਵਿੱਚ ਮੌਜੂਦ ਸ਼ਰਧਾਲੂਆਂ ਨੇ ਤਾੜੀਆਂ ਦੀ ਗੜਗੜਾਹਟ ਅਤੇ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਭਜਨ ਸਮਰਾਟ ਮਨੀ ਲਾਡਲਾ ਨੇ ਮਾਂ ਭਗਵਤੀ ਦੀਆਂ ਭੇਟਾਂ ਦਾ ਗਾਇਨ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਉਨ੍ਹਾਂ ਵੱਲੋਂ ‘ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ, ਮੂੰਹੋਂ ਬੋਲ ਚੁਣੀਏ...’, ‘ਮੈਯਾ ਤੇਰੀ ਚੁੰਨੀ ਨੂੰ ਸਿਤਾਰੇ ਲੱਗੇ ਹੋਏ ਨੇ...’, ‘ਰੰਗ ਬਰਸੇ ਦਰਬਾਰ ਮੈਯਾ ਜੀ ਤੇਰੇ ਰੰਗ ਬਰਸੇ...’ ਸਮੇਤ ਹੋਰ ਭੇਟਾਂ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਅੰਜਲੀ ਦਿਵੇਦੀ ਨੇ ‘ਤੂੰਨੇ ਮੈਨੂੰ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂ ਵਾਲੀਏ...’, ‘ਉੱਚੀਆਂ ਪਹਾੜਾਂ ਵਾਲੀ ਮੈਯਾ, ਅਸੀਂ ਨੌਕਰ ਤੇਰੇ...’ ਆਦਿ ਭੇਟਾਂ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ। ਜਾਗਰਣ ਦੌਰਾਨ ਸਾਰੀ ਰਾਤ ਸ਼ਰਧਾਲੂਆਂ ਲਈ ਕੜੀ ਚੌਲ, ਖੀਰ, ਪੂਰੀ-ਛੋਲੇ, ਦਾਲ-ਰੋਟੀ, ਠੰਢਾ ਜਲਜੀਰਾ ਅਤੇ ਠੰਢੇ-ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਪ੍ਰੇਮ ਨਗੀਨਾ ਮੋਗਾ ਵਾਲਿਆਂ ਨੇ ਤਾਰਾ ਰਾਣੀ ਦੀ ਕਥਾ ਕਰਕੇ ਜਾਗਰਣ ਦਾ ਸਮਾਪਨ ਕੀਤਾ। ਇਸ ਮੌਕੇ ਕੰਜਕ ਪੂਜਨ ਦੀ ਰਸਮ ਵੀ ਅਦਾ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਾਗਰਣ ਦੇ ਸਫਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਮੁੱਖ ਮਹਿਮਾਨਾਂ, ਪਤਵੰਤਿਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।





