ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
’ਪਿੰਡ ਬਚਾਓ-ਪੰਜਾਬ ਬਚਾਓ’ ਵੱਲੋਂ ਇਥੇ ‘ਪੰਜਾਬ ਦੇ ਆਰਥਿਕ ਤੇ ਸਿਆਸੀ ਹਾਲਾਤ ਦੇ ਗੰਭੀਰ ਸੰਦਰਭ ਵਿੱਚ ਕਲਿਆਣਕਾਰੀ ਰਾਜ ਤੇ ਖ਼ੈਰਾਤ ਵਿਚਲਾ ਫ਼ਰਕ’ ਵਿਸ਼ੇ ’ਤੇ ਇੱਕ ਵਿਚਾਰ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੁਲਾਰਿਆਂ ਨੇ ਪੰਜਾਬ ਨੂੰ ਮੁੜ ਪੱਕੇ ਪੈਰੀਂ ਕਰਨ ਲਈ ਆਪਣੀਆਂ ਸਾਰਥਕ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ।
ਸੈਮੀਨਾਰ ਦੌਰਾਨ ਸਮਾਜ ਸੇਵੀ ਤੇ ਪੰਜਾਬ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਲੋੜਵੰਦ ਪਰਿਵਾਰਾਂ ਨੂੰ ਹੀ ਹੋਣਾ ਚਾਹੀਦਾ ਹੈ ਅਤੇ ਜੋ ਲੋਕ ਅਮੀਰਾਂ ਨੂੰ ਵੀ ਇਸ ਲਾਈਨ ਵਿੱਚ ਖੜ੍ਹਾ ਕਰਕੇ, ਇਸ ਨੂੰ ਉਨ੍ਹਾਂ ਦਾ ’ਅਧਿਕਾਰ’ ਦੱਸਦੇ ਹਨ, ਉਹ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਨ। ਮਗਨਰੇਗਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਰੁਜ਼ਗਾਰ ਦਾ ਕਾਨੂੰਨੀ ਅਧਿਕਾਰ ਦੇਣ ਲਈ ਇਹ ਸਕੀਮ ਬਣਾਈ ਗਈ ਸੀ, ਪਰ ਕੇਂਦਰ ਵੱਲੋਂ ਇਸ ਨੂੰ ਬੰਦ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਕੇਂਦਰ ਦੀ ਤਰਜ਼ ’ਤੇ ’ਵੀ ਬੀ ਜੀ ਰਾਮ ਜੀ ਕਾਨੂੰਨ’ ਲਾਗੂ ਕਰਕੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰਨ ਦਾ ਕੰਮ ਕੀਤਾ ਹੈ।
ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਦੇਸ਼ ’ਚ ਵਧ ਰਹੇ ਅਮੀਰ-ਗਰੀਬ ਦੇ ਪਾੜੇ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕੁੱਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੇ ਦੇਸ਼ ਦੀ ਸਮੁੱਚੀ ਇਕਾਨਮੀ ’ਤੇ ਕਬਜ਼ਾ ਕਰ ਲਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਖੇਤਾਂ ਵਿੱਚ ਦਿਨ-ਰਾਤ ਪਸੀਨਾ ਵਹਾਉਣ ਵਾਲਾ ਕਿਸਾਨ ਤੇ ਮਜ਼ਦੂਰ ਸਰਕਾਰਾਂ ਤੋਂ ਖ਼ੈਰਾਤ ਨਹੀਂ, ਸਗੋਂ ਆਪਣਾ ਬਣਦਾ ਹੱਕ ਮੰਗਦਾ ਹੈ। ਉਨ੍ਹਾਂ 1000-1500 ਰੁਪਏ ਵਾਲੀਆਂ ਮੁਫ਼ਤ ਸਕੀਮਾਂ ’ਤੇ ਤੰਜ ਕੱਸਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਮਸਲੇ ਦਾ ਹੱਲ ਨਹੀਂ, ਸਗੋਂ ਪੰਜਾਬ ਨੂੰ ਆਰਥਿਕ ਤਬਾਹੀ ਵੱਲ ਧੱਕ ਰਹੀਆਂ ਹਨ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਦੇਸ਼ ਦੇ ਬਜਟ ’ਤੇ ਬੋਲਦਿਆਂ ਖੁਲਾਸਾ ਕੀਤਾ ਕਿ ਜਿਸ ਖੇਤੀਬਾੜੀ ਸੈਕਟਰ ’ਤੇ ਦੇਸ਼ ਦੀ 49 ਫੀਸਦੀ ਆਬਾਦੀ ਨਿਰਭਰ ਹੈ, ਉਸ ਲਈ ਕੁੱਲ ਬਜਟ ਦਾ ਸਿਰਫ਼ 2.8 ਫੀਸਦੀ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ’ਇਨਸੈਂਟਿਵ’ ਕਿਹਾ ਜਾਂਦਾ ਹੈ, ਜਦੋਂ ਕਿ ਗਰੀਬਾਂ ਨੂੰ ਦਿੱਤੀ ਜਾਂਦੀ ਮਦਦ ਨੂੰ ਤਰਸ ਦੇ ਆਧਾਰ ’ਤੇ ’ਸਬਸਿਡੀ’ ਦਾ ਨਾਮ ਦਿੱਤਾ ਜਾਂਦਾ ਹੈ।
ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਮੈਂਬਰ ਡਾ.ਅਮਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਮਗਨਰੇਗਾ ਕਾਨੂੰਨ ਨੂੰ ਬਿਨਾਂ ਕਿਸੇ ਬਦਲਾਅ ਦੇ ਦੁਬਾਰਾ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੈਨੀਫੈਸਟੋ ਚੋਣ ਕਮੇਟੀ ਦੇ ਚੇਅਰਮੈਨ ਬਾਬੂ ਸਿੰਘ ਬਰਾੜ, ਡਾ. ਖੁਸ਼ਹਾਲ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ,ਕਿ੍ਰਸ਼ਨ ਚੌਹਾਨ, ਕਰਨੈਲ ਸਿੰਘ ਜਖੇਪਲ, ਐਡਵੋਕੇਟ ਵਿਜੇ ਸਿੰਗਲਾ, ਕਿਰਨਜੀਤ ਸਿੰਘ ਗਹਿਰੀ, ਹੰਸ ਰਾਜ ਮੋਫ਼ਰ, ਅਬਦੁਲ ਸ਼ਕੂਰ,ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਅਮਨ ਸਿੰਗਲਾ ਢੈਪਈ,ਮਾਸਟਰ ਖੇਤਾਂ ਸਿੰਘ, ਬਿਕਰਮਜੀਤ ਸਿੰਘ ਸਾਧੂਵਾਲਾ, ਹਰਦੀਪ ਸਿੰਘ ਸਿੱਧੂ, ਬਲਰਾਜ ਨੰਗਲ, ਪ੍ਰੀਤਮ ਰੁਪਾਲ ਵੀ ਹਾਜ਼ਰ ਸਨ।
ਖ਼ਬਰਾਂ
ਪਿੰਡ ਬਚਾਓ,ਪੰਜਾਬ ਬਚਾਓ ਮੋਰਚੇ ਦੀ ਮਾਨਸਾ ਕਨਵੈਨਸ਼ਨ ਦੌਰਾਨ ਡਾ. ਪਿਆਰੇ ਲਾਲ ਗਰਗ ਗਰਜੇ ,"ਅਮੀਰਾਂ ਨੂੰ ਮੁਫ਼ਤ ਦੀਆਂ ਲਾਈਨਾਂ ’ਚ ਖੜ੍ਹਾ ਕਰਨਾ ਲੋਕਾਂ ਨਾਲ ਵੱਡਾ ਧੋਖਾ"
24 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



