****ਵੱਡੀਆਂ ਫੈਕਟਰੀਆਂ ਕੈਮੀਕਲ ਨਾਲ ਤਿਆਰ ਕਰ ਰਹੀਆਂ ਨਕਲੀ ਦੁੱਧ-ਪਨੀਰ — ਦੋਧੀ ਯੂਨੀਅਨ

****ਪਸ਼ੂ ਪਾਲਕ ਬਰਬਾਦ ਹੋ ਰਹੇ, ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ — ਡੇਅਰੀ ਕਿਸਾਨ

ਅੰਮ੍ਰਿਤਸਰ ਸਾਹਿਬ,18 ਮਈ (ਜਸ਼ਨ ) ਅੱਜ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਅਤੇ ਦੋਧੀ ਯੂਨੀਅਨ ਵੱਲੋਂ ਸਿੰਥੈਟਿਕ ਦੁੱਧ ਅਤੇ ਨਕਲੀ ਪਨੀਰ ਦੇ ਵਧਦੇ ਕਾਰੋਬਾਰ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਵਜੋਂ ਕਿਸਾਨਾਂ ਨੇ ਸੜਕਾਂ ’ਤੇ ਖ਼ਾਲਿਸ ਦੁੱਧ ਰੋੜ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਮੱਝਾਂ ਅਤੇ ਗਾਵਾਂ ਤੋਂ ਚੋਇਆ ਖ਼ਾਲਿਸ ਦੁੱਧ ਮਾਰਕੀਟ ਵਿੱਚ ਸਹੀ ਭਾਅ ਨਹੀਂ ਲੈ ਰਿਹਾ, ਜਦਕਿ ਕੈਮੀਕਲ ਨਾਲ ਤਿਆਰ ਹੋ ਰਿਹਾ ਸਿੰਥੈਟਿਕ ਦੁੱਧ ਅਤੇ ਨਕਲੀ ਪਨੀਰ ਖੁੱਲ੍ਹੇਆਮ ਵਿਕ ਰਿਹਾ ਹੈ। ਇਸ ਕਾਰਨ ਇੱਕ ਪਾਸੇ ਪਸ਼ੂ ਪਾਲਕਾਂ ਦਾ ਧੰਦਾ ਬਰਬਾਦ ਹੋ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਧੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਲੁਹਾਰਕਾ ਨੇ ਕਿਹਾ ਕਿ ਵੱਡੀਆਂ ਫੈਕਟਰੀਆਂ ਵਿੱਚ ਕੈਮੀਕਲ ਨਾਲ ਨਕਲੀ ਦੁੱਧ ਅਤੇ ਪਨੀਰ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਕਈ ਵਾਰ ਪ੍ਰਸ਼ਾਸਨ ਅਤੇ ਸਿਵਲ ਸਰਜਨ ਨੂੰ ਸ਼ਿਕਾਇਤਾਂ ਅਤੇ ਫੈਕਟਰੀਆਂ ਦੇ ਨਾਮ ਦਿੱਤੇ ਗਏ ਹਨ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਰਾਮਤੀਰਥ ਰੋਡ, ਬਟਾਲਾ ਰੋਡ, ਫਤਹਿਗੜ੍ਹ ਚੂੜੀਆਂ ਰੋਡ ਅਤੇ ਅਜਨਾਲਾ ਰੋਡ ’ਤੇ ਚੱਲ ਰਹੀਆਂ ਕਈ ਫੈਕਟਰੀਆਂ ਦੇ ਨਾਮ ਪ੍ਰਸ਼ਾਸਨ ਨੂੰ ਦਿੱਤੇ ਜਾ ਚੁੱਕੇ ਹਨ। ਯੂਨੀਅਨ ਦੀ ਮੰਗ ਹੈ ਕਿ ਇਨ੍ਹਾਂ ਥਾਵਾਂ ’ਤੇ ਛਾਪੇਮਾਰੀ ਕਰਕੇ ਫੈਕਟਰੀਆਂ ਨੂੰ ਸੀਲ ਕੀਤਾ ਜਾਵੇ। ਰਣਜੀਤ ਸਿੰਘ ਲੁਹਾਰਕਾ ਨੇ ਕਿਹਾ ਕਿ ਕੈਮੀਕਲ ਵਾਲੇ ਦੁੱਧ ਅਤੇ ਪਨੀਰ ਕਾਰਨ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਪਸ਼ੂ ਪਾਲਕ ਸਵੇਰੇ-ਸ਼ਾਮ ਮਿਹਨਤ ਕਰਕੇ ਦੁੱਧ ਤਿਆਰ ਕਰਦੇ ਹਨ, ਚਾਰੇ ਅਤੇ ਦਾਣੇ ਦੇ ਭਾਅ ਲਗਾਤਾਰ ਵੱਧ ਰਹੇ ਹਨ, ਪਰ ਦੁੱਧ ਦਾ ਰੇਟ ਨਹੀਂ ਵੱਧ ਰਿਹਾ। ਅਜਿਹੇ ਹਾਲਾਤਾਂ ਵਿੱਚ ਕਿਸਾਨ ਬਹੁਤ ਪਰੇਸ਼ਾਨ ਹਨ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਨਗਲੀ ਨੇ ਕਿਹਾ ਕਿ ਪ੍ਰਸ਼ਾਸਨ ਸਿਰਫ਼ ਛੋਟੇ ਦੁੱਧ ਵੇਚਣ ਵਾਲਿਆਂ ’ਤੇ ਕਾਰਵਾਈ ਕਰਦਾ ਹੈ, ਜਦਕਿ ਵੱਡੇ ਪੱਧਰ ’ਤੇ ਨਕਲੀ ਦੁੱਧ ਬਣਾਉਣ ਵਾਲਿਆਂ ’ਤੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਕਿਹਾ ਕਿ ਇਸ ਪਿੱਛੇ ਵੱਡੀ ਮਿਲੀਭੁਗਤ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਦੁੱਧ ਉਤਪਾਦਨ ਕਰਨ ਵਾਲਾ ਦੇਸ਼ ਹੈ, ਪਰ ਇਸਦੇ ਬਾਵਜੂਦ ਮਾਰਕੀਟ ਵਿੱਚ ਨਕਲੀ ਦੁੱਧ ਦੀ ਭਰਮਾਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੱਝਾਂ ਦੀ ਕੀਮਤ, ਲੇਬਰ ਚਾਰੇ ਦਾ ਖਰਚ ਕਾਫ਼ੀ ਵੱਧ ਗਿਆ ਹੈ, ਪਰ ਦੁੱਧ ਦਾ ਰੇਟ ਨਾ ਵਧਣ ਕਾਰਨ ਪਸ਼ੂ ਪਾਲਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿੰਥੈਟਿਕ ਦੁੱਧ ਅਤੇ ਨਕਲੀ ਪਨੀਰ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।