***ਅਮਨ ਸ਼ਾਂਤੀ ਤੇ ਭਾਈਚਾਰਕ ਸ਼ਾਂਝ ਲਈ ਯਤਨਸ਼ੀਲ ਇੰਟਰਨੈਸ਼ਨਲ ਫੋਰਮ ਯੂਐਸਏ ਦੇ ਚੇਅਰਮੈਨ ਹਨ ਗਿੱਲ
ਸਾਨ ਫਰਾਂਸਿਸਕੋ(ਐਸ ਅਸ਼ੋਕ ਭੌਰਾ)ਇੰਟਰਨੈਸ਼ਨਲ ਫੋਰਮ ਯੂਐਸਏ ਦੇ ਚੇਅਰਮੈਨ ਡਾ ਸੁਰਿੰਦਰ ਸਿੰਘ ਸ਼ੇਰਗਿੱਲ ਨੂੰ ਸ਼ੰਘਾਈ, ਚੀਨ ਵਿਖੇ ਹੋਏ ਅੰਤਰਰਾਸ਼ਟਰੀ ਗਾਲਾ ਸਮਾਗਮ ਦੌਰਾਨ ‘ਗਲੋਬਲ ਪੀਸ ਅਵਾਰਡ’ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀਈਓ, ਸਮਾਜਿਕ ਆਗੂ, ਡਿਪਲੋਮੈਟ ਅਤੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਸਨ।ਸ਼ੰਘਾਈ ਦਾ ਇਹ ਗਾਲਾ ਸਮਾਗਮ ਅੰਤਰਰਾਸ਼ਟਰੀ ਕਾਰੋਬਾਰੀ ਕਾਨਫਰੰਸ ਦਾ ਵਿਸ਼ੇਸ਼ ਆਕਰਸ਼ਣ ਰਿਹਾ ਜਿੱਥੇ ਵਿਸ਼ਵ ਪੱਧਰ ’ਤੇ ਕਾਰੋਬਾਰ, ਤਕਨਾਲੋਜੀ, ਏਆਈ ਅਤੇ ਲੀਡਰਸ਼ਿਪ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਗਿੱਲ ਨੂੰ ਇਹ ਅਵਾਰਡ ਵਿਸ਼ਵ ਪੱਧਰ ’ਤੇ ਅਮਨ, ਭਾਈਚਾਰਕ ਸਾਂਝ, ਆਪਸੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਯੋਗਦਾਨ ਵਜੋਂ ਪ੍ਰਦਾਨ ਕੀਤਾ ਗਿਆ। ਚੋਣ ਕਮੇਟੀ ਵੱਲੋਂ ਕੋਰੀਆ, ਪਾਕਿਸਤਾਨ, ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਅਮਨ ਅਤੇ ਆਪਸੀ ਸਹਿਯੋਗ ਲਈ ਕੀਤੀਆਂ ਉਸ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ ’ਤੇ ਮਾਨਤਾ ਦਿੱਤੀ ਗਈ।ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਡਾ. ਗਿੱਲ ਨੇ ਸਮੇਂ ਸਮੇਂ ‘ਤੇ ਭਾਈਚਾਰਕ ਸਾਂਝ,ਸੰਵਾਦ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਇਸ ਮਾਣ ਲਈ ਡਾ. ਗਿੱਲ ਨੇ ਆਯੋਜਕਾਂ ਅਤੇ ਚੋਣ ਕਮੇਟੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਮੈਨੂੰ ਅਮਨ, ਲੀਡਰਸ਼ਿਪ ਅਤੇ ਵਿਸ਼ਵ ਪੱਧਰੀ ਸਹਿਯੋਗ ਲਈ ਹੋਰ ਵੱਧ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਰਹੇਗਾ।




