ਮੋਗਾ, 18 ਨਵੰਬਰ (ਜਸ਼ਨ ) : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਵੱਲੋਂ ਹਰ ਵਰਗ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸੇ ਤਹਿਤ ਭਾਜਪਾ ਐੱਸ.ਸੀ. ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਸਾਬਕਾ ਸਟੇਟ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਸਕੱਤਰ ਕਮਲ ਘਾਰੂ ਨੂੰ ਪੰਜਾਬ ਸਟੇਟ ਭਾਜਪਾ ਮਜ਼ਦੂਰ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।ਆਪਣੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਮਲ ਘਾਰੂ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ, ਭਾਜਪਾ ਪੰਜਾਬ ਮਜ਼ਦੂਰ ਸੈੱਲ ਦੇ ਕਨਵੀਨਰ ਸੰਜੀਵ ਅਟਵਾਲ, ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਕਨਵੀਨਰ ਡਾ. ਸੀਮਾਂਤ ਗਰਗ ਅਤੇ ਮੋਗਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹਰ ਹਾਲ ਵਿੱਚ ਐੱਸ.ਸੀ. ਸਮਾਜ ਅਤੇ ਮਜ਼ਦੂਰ ਵਰਗ ਵਿੱਚ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗਰੀਬ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਮੁਫ਼ਤ ਕਣਕ, ਪੱਕੇ ਮਕਾਨ ਮੁਹੱਈਆ ਕਰਵਾਉਣਾ, ਪੰਜ ਲੱਖ ਰੁਪਏ ਤੱਕ ਦੀ ਸਿਹਤ ਸਹੂਲਤ ਵਾਲਾ ਕਾਰਡ, ਜਨ-ਧਨ ਯੋਜਨਾ ਤਹਿਤ ਜ਼ੀਰੋ ਬੈਲੈਂਸ ਖਾਤੇ ਖੋਲ੍ਹਣਾ ਅਤੇ ਮੁਫ਼ਤ ਗੈਸ ਕੁਨੈਕਸ਼ਨ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2011 ਵਿੱਚ ਗਰੀਬੀ ਦੀ ਦਰ 27.1 ਫ਼ੀਸਦੀ ਸੀ, ਜੋ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਘਟ ਕੇ 2.6 ਫ਼ੀਸਦੀ ਰਹਿ ਗਈ ਹੈ।