ਕੈਨੇਡਾ 19 ਅਕਤੂਬਰ (ਜਗਮੰਦਰ ਸਰਾਂ ):ਪੰਜਾਬ ਦੇ ਮਸਲਿਆਂ ਨਾਲ ਨੇੜਿਓਂ ਜੁੜੇ, ਐਡਵੋਕੇਟ ਨਰਿੰਦਰ ਪਾਲ ਸਿੰਘ ਚਾਹਿਲ ਨੇ ਮਾਨਸਾ ਵਿਖ਼ੇ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਉਠੇ ਲੋਕ ਘੋਲ ਦੀ ਅਗਵਾਈ ਕਰ ਰਹੀ ਮਾਨਸਾ ਦੀ ਇਨਸਾਫ਼ ਕਮੇਟੀ ਨੂੰ ਆਪਣੇ ਵੱਲੋਂ ਕੁੱਝ ਸੁਝਾਅ ਭੇਜਦਿਆਂ ਕਿਹਾ ਕਿ ਉਹਨਾਂ ਨੂੰ ਪੂਰਨ ਉਮੀਦ ਹੈ, ਕਮੇਟੀ ਦੇ ਸੂਝਵਾਨ ਸੱਜਣ ਇਨ੍ਹਾਂ ਤੇ ਭਰਪੂਰ ਗੌਰ ਕਰਨਗੇ। ਇਨ੍ਹਾਂ ਸੁਝਾਵਾਂ ਦਾ ਉਦੇਸ਼ ਸਰਕਾਰ ਤੇ ਅਧਿਕਾਰੀਆਂ ਨਾਲ ਗੱਲਬਾਤ ਦਾ ਰਾਹ ਖੁਲ੍ਹਾ ਰੱਖਕੇ ਘੋਲ ਦਾ ਕੋਈ ਸਾਰਥਕ ਹੱਲ ਲੱਭਣਾ ਹੈ।
ਉਹਨਾਂ ਨੇ ਕਮੇਟੀ ਨੂੰ ਆਪਣੇ ਸੁਝਾਵਾਂ ਵਿੱਚ ਅਪੀਲ ਕੀਤੀ ਹੈ ਕਿ ਸਰਕਾਰ ਨਾਲ ਗੱਲਬਾਤ ਦੇ ਦਰਵਾਜੇ ਬੰਦ ਨਾ ਕੀਤੇ ਜਾਣ, ਜੋ ਵੀ ਗੱਲ ਕਰਨੀ ਚਾਹੁੰਦਾ ਹੈ, ਉਸ ਨਾਲ ਗੱਲਬਾਤ ਕੀਤੀ ਜਾਵੇ ਤੇ ਉਸ ਮੂਹਰੇ ਆਪਣਾ ਪੱਖ ਜਾਂ ਆਪਣੀ ਗੱਲ ਦਲੀਲ ਸਹਿਤ ਜ਼ੋਰਦਾਰ ਢੰਗ ਨਾਲ ਰੱਖੀ ਜਾਵੇ। ਆਪਣੇ ਇਨ੍ਹਾਂ ਸੁਝਾਵਾਂ ਵਿੱਚ ਐਡਵੋਕੇਟ ਚਾਹਿਲ ਨੇ ਕਿਹਾ ਕਿ ਆਖਰਕਾਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਤੇ ਮੇਜ ਤੇ ਹੀ ਹੁੰਦਾ ਹੈ। ਕਿਸਾਨ ਅੰਦੋਲਨ ਵੇਲੇ ਵੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨਾਲ ਸਮੇਂ ਸਮੇਂ ਗੱਲਬਾਤ ਚਲਦੀ ਰਹੀ ਹੈ। ਉਹਨਾਂ ਇਹ ਵੀ ਸੰਸਾ ਜ਼ਾਹਰ ਕੀਤਾ ਕਿ ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਮਸਲਾ ਇਸੇ ਤਰ੍ਹਾਂ ਲਮਕਿਆ ਰਹੇਗਾ,ਕਿਸੇ ਤਣ ਪੱਤਣ ਨਹੀਂ ਲੱਗੇਗਾ, ਉਹਨਾਂ ਅਨੁਸਾਰ ਨਸ਼ਿਆਂ ਦੀ ਸਮੱਸਿਆ ਇੱਕ ਵਿਕਰਾਲ ਸਮੱਸਿਆ ਹੈ, ਇਹ ਇੱਕੋ ਹੱਲੇ ਨਾਲ ਖ਼ਤਮ ਨਹੀਂ ਹੋਣੀ।
ਉਹਨਾਂ ਇਨਸਾਫ਼ ਕਮੇਟੀ ਨੂੰ ਇਹ ਵੀ ਸੁਝਾਅ ਦਿੱਤਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੀ ਸੁਣੀ ਜਾਵੇ ਤੇ ਉਹਨਾਂ ਤੇ ਕਮੇਟੀ ਦੀ ਕੋਈ ਵੀ ਗੱਲ ਜਾਂ ਫ਼ੈਸਲਾ ਥੋਪਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਅੰਤ 'ਚ ਉਹਨਾਂ ਕਿਹਾ ਕਿ ਇਹ ਘੜੀ ਬਹੁਤ ਨਾਜ਼ਕ ਤੇ ਸੰਵੇਦਨਸ਼ੀਲ ਹੈ। ਸ਼ਹੀਦ ਪਰਵਿੰਦਰ ਸਿੰਘ ਝੋਟੇ ਦੀ ਡੈਡ ਬਾਡੀ ਮੋਰਚਰੀ 'ਚ ਪਈ ਹੈ, ਸੱਥਰ ਵਿਛਿਆ ਹੋਇਆ ਹੈ, ਅਜਿਹੇ ਮੌਕੇ ਸਾਨੂੰ ਕਿਸੇ ਵੀ ਜ਼ਿਦ -ਬਾਜ਼ੀ ਤੇ ਟੱਕਰ ਤੋਂ ਗੁਰੇਜ ਕਰਨਾ ਚਾਹੀਦਾ ਹੈ ਤੇ ਇਸ ਮਸਲੇ ਦਾ ਕੋਈ ਸਾਰਥਕ ਹੱਲ ਕੱਢਣ ਤੇ ਆਪਣਾ ਸਾਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।