ਤਰਨਤਾਰਨ (ਅਮਿਤ ਮਰਵਾਹਾ)

ਜ਼ਿਲ੍ਹਾ ਟੀਕਾਕਰਨ ਅਫ਼ਸਰ (ਡੀ.ਆਈ.ਓ.) ਡਾ. ਵਰਿੰਦਰ ਪਾਲ ਕੌਰ ਨੇ ਅੱਜ ਪਲਸ ਪੋਲਿਓ ਅਭਿਆਨ ਦੇ ਤਹਿਤ ਜ਼ਿਲ੍ਹੇ ਦੇ ਹਾਈ ਰਿਸਕ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਦਾ ਦੌਰਾ ਕਰਕੇ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਾਣਾ ਮੰਡੀ, ਬਾਠ ਰੋਡ ਸਥਿਤ ਝੁੱਗੀ-ਝੌਂਪੜੀ ਇਲਾਕਾ, ਮੁਰਾਦਪੁਰਾ, ਕਾਜ਼ੀਕੋਟ ਰੋਡ ਦੀਆਂ ਝੁੱਗੀਆਂ ਅਤੇ ਹੋਰ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਪਹੁੰਚ ਕਰਕੇ ਫੀਲਡ ਟੀਮਾਂ ਦੇ ਕੰਮ ਦਾ ਜਾਇਜ਼ਾ ਲਿਆ।

ਡਾ. ਵਰਿੰਦਰ ਪਾਲ ਕੌਰ ਨੇ ਮੌਕੇ 'ਤੇ ਮੌਜੂਦ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਗੱਲਬਾਤ ਕਰਦਿਆਂ ਹਦਾਇਤ ਕੀਤੀ ਕਿ ਪੰਜ ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਪੋਲਿਓ ਦੀਆਂ ਦੋ ਬੂੰਦਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਈ ਰਿਸਕ ਖੇਤਰਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ, ਇੱਟਾਂ ਦੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ, ਝੁੱਗੀ-ਝੌਂਪੜੀ ਬਸਤੀਆਂ ਅਤੇ ਰੋਜ਼ਾਨਾ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚ ਬਣਾਉਣਾ ਮੁਹਿੰਮ ਦੀ ਸਭ ਤੋਂ ਵੱਡੀ ਤਰਜੀਹ ਹੈ।

ਉਨ੍ਹਾਂ ਨੇ ਟੀਮਾਂ ਨੂੰ ਮਾਈਕ੍ਰੋ ਪਲਾਨ ਅਨੁਸਾਰ ਘਰ-ਘਰ ਜਾ ਕੇ ਟੀਕਾਕਰਨ ਯਕੀਨੀ ਬਣਾਉਣ, ਛੁੱਟੇ ਹੋਏ ਬੱਚਿਆਂ ਦੀ ਤੁਰੰਤ ਪਛਾਣ ਕਰਨ ਅਤੇ ਲੋੜ ਪੈਣ 'ਤੇ ਮੁੜ ਦੌਰਾ ਕਰਕੇ ਹਰ ਯੋਗ ਬੱਚੇ ਨੂੰ ਪੋਲਿਓ ਦੀ ਖੁਰਾਕ ਪਿਲਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਕੋਲਡ ਚੇਨ, ਵੈਕਸੀਨ ਦੀ ਉਪਲਬਧਤਾ, ਰਿਕਾਰਡ ਰੱਖਣ ਅਤੇ ਸੁਪਰਵਿਜ਼ਨ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।

ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਭਾਰਤ ਦੀ ਪੋਲਿਓ-ਮੁਕਤ ਸਥਿਤੀ ਨੂੰ ਕਾਇਮ ਰੱਖਣ ਲਈ ਹਰੇਕ ਬੱਚੇ ਤੱਕ ਪੋਲਿਓ ਰੋਕੂ ਖੁਰਾਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਹਾਈ ਰਿਸਕ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਇਸ ਜੀਵਨ ਰੱਖਿਅਕ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ।

ਉਨ੍ਹਾਂ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲਿਓ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਉਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਪਲਸ ਪੋਲਿਓ ਅਭਿਆਨ ਨੂੰ ਸੌ ਫ਼ੀਸਦੀ ਸਫਲ ਬਣਾਇਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੋਲਿਓ ਵਰਗੀ ਅਪਾਹਜਤਾ ਪੈਦਾ ਕਰਨ ਵਾਲੀ ਬਿਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।