ਕੋਟ ਈਸੇ ਖਾਂ, 10ਅਕਤੂਬਰ (ਜਸ਼ਨ )-ਪੰਜਾਬ ਦੇ ਪਿੰਡਾਂ ’ਚ ਓਵਰਲੋਡ ਵਾਹਨ ਜਿੱਥੇ ਸੜਕਾਂ ’ਤੇ ਕਾਲ ਬਣ ਕੇ ਘੁੰਮ ਰਹੇ ਹਨ, ਉਥੇ ਹੀ ਇਹ ਟਰੈਫਿਕ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਰੁੱਧ ਸਿਕੰਜਾ ਕੱਸਣ ਦੀ ਬਜਾਏ ਚੁੱਪ-ਚਾਪ ਬੈਠ ਕੇ ਤਮਾਸ਼ਾ ਦੇਖਿਆ ਜਾ ਰਿਹਾ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ।ਇੱਥੇ ਦੱਸਣਾ ਬਣਦਾ ਹੈ ਕਿ ਓਵਰਲੋਡ ਵਾਹਨਾਂ ਦੀ ਗਿਣਤੀ ’ਚ ਸਭਤੋਂ ਪਹਿਲਾਂ ਨੰਬਰ ਟਰੈਕਟਰ-ਟਰਾਲੀਆਂ ਦਾ ਆਉਂਦਾ ਹੈ। ਹਾਲਾਂਕਿ ਟਰੈਕਟਰ-ਟਰਾਲੀ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾਂਦੀ ਹੈ ਪਰ ਹੁਣ ਟਰੈਕਟਰ-ਟਰਾਲੀਆਂ ਵਾਲੇ ਇਸ ’ਤੇ ਰੇਤ, ਬੱਜਰੀ ਅਤੇ ਇੱਟਾਂ ਓਵਰਲੋਡ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੁੰਦੀ ਹੈ। ਇਨ੍ਹਾਂ ਟਰੈਕਟਰ-ਟਰਾਲੀਆਂ ਉੱਪਰ ਲੱਦੀਆਂ ਹੋਈਆਂ ਇੱਟਾਂ ਅਤੇ ਰੇਤ-ਬੱਜਰੀ ਨੂੰ ਚਾਲਕਾਂ ਵੱਲੋਂ ਢੱਕਿਆ ਵੀ ਨਹੀਂ ਜਾਂਦਾ, ਜਿਸ ਕਾਰਨ ਸਾਰਾ ਘੱਟਾ-ਮਿੱਟੀ ਪਿੱਛੇ ਚੱਲ ਰਹੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਂਦਾ ਹੈ ਅਤੇ ਕਈ ਵਾਰ ਇਸੇ ਕਾਰਨ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਸਬੰਧੀ ਜਦੋਂ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਓਵਰਲੋਡ ਵਾਹਨ ਸੜਕਾਂ ਦੀ ਸੁਰੱਖਿਆ ਲਈ ਇਕ ਭਾਰੀ ਖ਼ਤਰਾ ਹਨ। ਉਨ੍ਹਾਂ ਇਹ ਵੀ ਦੇਸ਼ ਲਾਇਆ ਕਿ ਟਰੈਫਿਕ ਪੁਲਸ ਵੱਲੋਂ ਉਂਝ ਤਾਂ ਕਾਰਾਂ ਸ਼ਹਿਰ ’ਚੋਂ ਲੰਘਦੇ ਅਤੇ ਮੋਟਰਸਾਈਕਲ ਚਾਲਕਾਂ ਦੇ ਮੇਟੇ-ਮੋਟੇ ਚਲਾਨ ਕੀਤੇ ਜਾਂਦੇ ਹਨ ਪਰ ਇਨ੍ਹਾਂ ਓਵਰਲੋਡ ਵਾਹਨਾਂ ਵਿਰੁੱਧ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਦਕਿ ਇਹ ਵਾਹਨ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਪੁਲਸ ਵੱਲੋਂ ਇਨ੍ਹਾਂ ਓਵਰਲੋਡ ਵਾਹਨਾਂ ਵਿਰੁੱਧ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਸ ਵੱਲੋਂ ਇਨ੍ਹਾਂ ਓਵਰਲੋਡ ਵਾਹਨ ਚਾਲਕਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਰਹਿਣਗੀਆਂ।