ਮੋਗਾ,11 ਨਵੰਬਰ (ਜਸ਼ਨ ): ਅੱਜ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਸੀਪੀਆਈ ਵੱਲੋਂ ਡਾ. ਇੰਦਰਵੀਰ ਸਿੰਘ ਗਿੱਲ, ਇੰਜੀਨੀਅਰ ਸਵਰਨ ਸਿੰਘ ਖੋਸਾ, ਕਾਮਰੇਡ ਮਹਿੰਦਰ ਸਿੰਘ ਧੂਰਕੋਟ ਅਤੇ ਕਾਮਰੇਡ ਕੁਲਦੀਪ ਭੋਲਾ, ਜ਼ਿਲ੍ਹਾ ਸਕੱਤਰ ਸੀਪੀਆਈ, ਸਮੇਤ ਹੋਰ ਆਗੂ ਹਾਜ਼ਰ ਹੋਏ।
ਮੀਟਿੰਗ ਦੌਰਾਨ ਸੀਪੀਆਈ ਆਗੂਆਂ ਨੇ ਮਹਿੰਦਰਪਾਲ ਲੂੰਬਾ ਦੀ ਕਥਿਤ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸਿਵਲ ਸੁਸਾਇਟੀ ਮੋਗਾ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਭਵਿੱਖ ਦੇ ਸੰਘਰਸ਼ ਵਿੱਚ ਹਰ ਪੱਧਰ ’ਤੇ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਾਰਟੀ ਦੀ ਸੂਬਾਈ ਅਤੇ ਕੌਮੀ ਲੀਡਰਸ਼ਿਪ ਤੱਕ ਵੀ ਪੱਖ ਪਹੁੰਚਾਇਆ ਜਾਵੇਗਾ।
ਸੀਪੀਆਈ ਆਗੂਆਂ ਨੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਕਥਿਤ ਸਿਆਸੀ ਰੰਜਿਸ਼ ਤਹਿਤ ਪੁਲਿਸ ਕੇਸਾਂ ਵਿੱਚ ਉਲਝਾਉਣਾ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਅਧਿਕਾਰਾਂ ਦੇ ਅਨੁਕੂਲ ਨਹੀਂ ਹੈ। ਕਾਨੂੰਨ ਦੀ ਵਰਤੋਂ ਨਿਰਪੱਖਤਾ ਨਾਲ ਹੋਣੀ ਚਾਹੀਦੀ ਹੈ, ਨਾ ਕਿ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ।
ਸਿਵਲ ਸੁਸਾਇਟੀ ਮੋਗਾ ਨੇ ਸੀਪੀਆਈ ਵੱਲੋਂ ਦਿੱਤੇ ਗਏ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਤੰਤਰੀ ਅਧਿਕਾਰਾਂ, ਨਿਆਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਸਾਂਝਾ ਸੰਘਰਸ਼ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਸਬੰਧੀ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਅਤੇ ਕਾਰਜਯੋਜਨਾ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਸਿਵਲ ਸੁਸਾਇਟੀ ਮੋਗਾ ਵੱਲੋਂ ਅਜੈ ਸੂਦ, ਮਨਿੰਦਰ ਸਿੰਘ ਬੇਦੀ, ਦਲਜੀਤ ਸਿੰਘ ਭੁੱਲਰ, ਪ੍ਰਿਤਪਾਲ ਸਿੰਘ (ਲੱਕੀ) ਗਿੱਲ, ਅਮਰਦੀਪ ਅਨੇਜਾ, ਚਮਕੌਰ ਸਿੰਘ ਕੋਰੀ, ਜਸਵੰਤ ਸਿੰਘ, ਕਮਲ ਬਾਂਸਲ, ਸ਼ਵਿੰਦਰ ਸਿੰਘ (ਸ਼ਿਵਾ) ਅਤੇ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਖ਼ਬਰਾਂ
ਮਹਿੰਦਰਪਾਲ ਲੂੰਬਾ ਦੀ ਕਥਿਤ ਸਿਆਸੀ ਗ੍ਰਿਫ਼ਤਾਰੀ ਵਿਰੁੱਧ ਸੰਘਰਸ਼ ਵਿੱਚ ਸੀਪੀਆਈ ਵੱਲੋਂ ਸਿਵਲ ਸੁਸਾਇਟੀ ਮੋਗਾ ਨੂੰ ਪੂਰਨ ਸਮਰਥਨ
12 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



