ਮਾਨਸਾ, 22 ਮਈ(ਜਸ਼ਨ )
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅੱਜ ਮਾਨਸਾ ਦੀ ਅਦਾਲਤ ਵੱਲੋਂ ਮਨਪ੍ਰੀਤ ਮੰਨਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਅੱਜ ਪੇਸ਼ੀ ਦੌਰਾਨ ਮੁਲਜ਼ਮ ਜਗਤਾਰ ਸਿੰਘ ਮੂਸਾ ਅਤੇ ਪਵਨ ਬਿਸ਼ਨੋਈ ਨਿੱਜੀ ਤੌਰ ’ਤੇ ਪੇਸ਼ ਹੋਏ, ਜਦੋਂ ਕਿ ਤਿੰਨ ਜਣਿਆਂ ਤੋਂ ਬਿਨਾਂ ਬਾਕੀ ਮੁਲਜ਼ਮ ਵੀਡੀਓ ਕਾਨਫਰੰਸ (ਵੀ.ਸੀ) ਰਾਹੀਂ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਵੱਲੋਂ ਕੇਸ ਸੁਣਵਾਈ ਲਈ 3 ਜੁਲਾਈ ਮੁਕੱਰਰ ਕੀਤੀ ਗਈ ਹੈ।
"ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਮੁਤਾਬਿਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਸ਼ੂਟਰਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਨਾਮ ਸਾਹਮਣੇ ਆਇਆ ਸੀ ਅਤੇ ਜਾਂਚ ਦੌਰਾਨ ਪੁਲੀਸ ਨੇ ਦੋ ਦਰਜਨ ਮੁਲਜ਼ਮਾਂ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਅਤੇ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ । ਮਾਮਲਾ ਇਸ ਸਮੇਂ ਮਾਨਸਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅਦਾਲਤ ਵੱਲੋਂ ਮਨਪ੍ਰੀਤ ਮੰਨਾ, ਜਿਸ ਵੱਲੋਂ ਕਸੂਰਵਾਰਾਂ ਨੂੰ ਗੱਡੀਆਂ ਮੁਹੱਈਆਂ ਕਰਵਾਉਣ ਵਿੱਚ ਮੱਦਦ ਕੀਤੀ ਗਈ ਸੀ, ਉਸ ਦੁਆਰਾ ਜ਼ਮਾਨਤ ਸਬੰਧੀ ਲਗਾਈ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਮੂਸਾ ਦੇ ਜਗਤਾਰ ਸਿੰਘ ਅਤੇ ਪਵਨ ਬਿਸ਼ਨੋਈ, ਜਿਸ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਹੋਈ ਹੈ, ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਛੱਡਕੇ ਬਾਕੀ ਜਣੇ, ਵੀਡੀਓ ਕਾਨਫਰੰਸ(ਵੀ.ਸੀ) ਰਾਹੀਂ ਪੇਸ਼ ਹੋਏ।
ਓਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਸ਼ੋਸਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਚੌਥੀ ਬਰਸੀ ਮਾਨਸਾ ’ਚ ਨਗਰ ਕੌਸਲ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ 29 ਮਈ ਦੀ ਬਜਾਏ, 28 ਮਈ ਨੂੰ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਮੂਸਾ ਵਿਖੇ ਪਾਏ ਜਾਣਗੇ।
ਖ਼ਬਰਾਂ
ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਦਾਲਤ ਵੱਲੋਂ ਮਨਪ੍ਰੀਤ ਮੰਨਾ ਦੀ ਜ਼ਮਾਨਤ ਅਰਜ਼ੀ ਖਾਰਜ, ਕੇਸ ਦੀ ਅਗਲੀ ਸੁਣਵਾਈ 3 ਜੁਲਾਈ ਨੂੰ
* #ਸਿੱਧੂ ਮੂਸੇਵਾਲਾ
23 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



