ਤਰਨ ਤਾਰਨ, 3 ਅਗਸਤ (ਅਮਿਤ ਮਰਵਾਹਾ)
ਗਰੀਬ, ਪੀੜਤ ਅਤੇ ਮਜ਼੍ਹਬੀ ਸਿੱਖ ਸਮਾਜ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਆਲ ਇੰਡੀਆ ਦਸਮੇਸ਼ ਫੌਜ ਰੰਘਰੇਟਾ ਦਲ ਨੂੰ ਉਸ ਵੇਲੇ ਵੱਡਾ ਸਿਆਸੀ ਅਤੇ ਸਮਾਜਿਕ ਹੁਲਾਰਾ ਮਿਲਿਆ, ਜਦੋਂ ਹਲਕਾ ਖਡੂਰ ਸਾਹਿਬ ਦੇ ਪਿੰਡ ਟਾਂਡਾ ਦੇ ਸਰਪੰਚ ਗੁਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਚੇਅਰਮੈਨ ਜਥੇਦਾਰ ਬਾਬਾ ਗੁਰਦਿਆਲ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ।
ਪਿੰਡ ਟਾਂਡਾ ਵਿਖੇ ਯੂਥ ਪੰਜਾਬ ਪ੍ਰਧਾਨ ਸਰਪੰਚ ਕੁਲਦੀਪ ਸਿੰਘ ਕੋਟ ਮੁਹੰਮਦ ਖਾਂ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਾਬਾ ਗੁਰਦਿਆਲ ਸਿੰਘ, ਪੰਜਾਬ ਪ੍ਰਧਾਨ ਮਨਦੀਪ ਸਿੰਘ ਰਾਜਨ, ਜਨਰਲ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ 'ਕੱਦ ਗਿੱਲ' ਅਤੇ ਹੋਰ ਆਗੂਆਂ ਨੇ ਕਿਹਾ ਕਿ ਦਸਮੇਸ਼ ਫੌਜ ਰੰਘਰੇਟਾ ਦਲ ਹਮੇਸ਼ਾ ਸਮਾਜ ਦੇ ਪੀੜਤ ਅਤੇ ਵਾਂਝੇ ਵਰਗ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ। ਜਿੱਥੇ ਵੀ ਕਿਸੇ ਨਾਲ ਧੱਕਾ ਜਾਂ ਅਨਿਆਂ ਹੁੰਦਾ ਹੈ, ਜਥੇਬੰਦੀ ਬਿਨਾਂ ਕਿਸੇ ਭੇਦਭਾਵ ਦੇ ਪੀੜਤਾਂ ਦੇ ਹੱਕ ਵਿੱਚ ਡਟ ਕੇ ਸੰਘਰਸ਼ ਕਰਦੀ ਹੈ।
ਜਥੇਦਾਰ ਬਾਬਾ ਗੁਰਦਿਆਲ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾ ਕੇ ਸਿੱਖਿਆ ਨਾਲ ਜੋੜਨਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਤਾਕਤ ਹੈ ਜੋ ਸਮਾਜ ਨੂੰ ਤਰੱਕੀ, ਸਵੈ-ਨਿਰਭਰਤਾ ਅਤੇ ਸਨਮਾਨ ਵਾਲੇ ਰਾਹ 'ਤੇ ਲੈ ਕੇ ਜਾਂਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਵਾ ਕੇ ਸੰਤ-ਸਿਪਾਹੀ ਦੀ ਵਿਚਾਰਧਾਰਾ ਨਾਲ ਜੋੜਨ, ਤਾਂ ਜੋ ਉਹ ਕੌਮ ਅਤੇ ਸਮਾਜ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾ ਸਕਣ।
ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਸਰਪੰਚ ਗੁਰਜੀਤ ਸਿੰਘ ਟਾਂਡਾ ਨੇ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਜਥੇਬੰਦੀ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਤਰਸੇਮ ਸਿੰਘ, ਮਹਾਬੀਰ ਸਿੰਘ, ਪ੍ਰੀਥੀਪਾਲ ਸਿੰਘ, ਹਰਦੇਵ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਜੋਧਬੀਰ ਸਿੰਘ, ਚੰਦ ਸਿੰਘ, ਸਰਬਜੀਤ ਸਿੰਘ ਕਾਕਾ, ਜਗੀਰ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।