ਮੋਗਾ,7 ਅਕਤੂਬਰ (ਜਸ਼ਨ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਵਿਧਾਇਕ ਪ੍ਰਗਟ ਸਿੰਘ ਦੇ ਹੱਥ ਆਉਣ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਗਟ ਸਿੰਘ ਦੇ ਹੱਥ ਪੰਜਾਬ ਕਾਂਗਰਸ ਦੀ ਵਾਂਗਡੋਰ ਆਉਣਾ ਪਾਰਟੀ ਲਈ ਬੇਹੱਦ ਅਹਿਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਮਜ਼ਬੂਤੀ ਵੱਲ ਵਧੇਗੀ। ਸਾਬਕਾ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਅਜਿਹੇ ਆਗੂ ਦੀ ਉਡੀਕ ਕਰ ਰਹੇ ਸਨ, ਜੋ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ ਅਤੇ ਜਿਸ ਕੋਲ ਸਿਆਸੀ ਤਜਰਬੇ ਦੇ ਨਾਲ-ਨਾਲ ਸਾਫ਼-ਸੁਥਰਾ ਅਕਸ ਵੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਰੇ ਗੁਣ ਪ੍ਰਗਟ ਸਿੰਘ ਵਿਚ ਮੌਜੂਦ ਹਨ। ਉਹ ਨਾ ਸਿਰਫ਼ ਤਜਰਬੇਕਾਰ ਆਗੂ ਹਨ, ਸਗੋਂ ਕੈਬਨਿਟ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਕਾਕਾ ਲੋਹਗੜ੍ਹ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਇੱਕ ਅਜਿਹਾ ਆਗੂ ਦਿੱਤਾ ਹੈ, ਜਿਸ ਦੀ ਮੌਜੂਦਾ ਸਿਆਸੀ ਹਾਲਾਤ ਵਿਚ ਬੇਹੱਦ ਲੋੜ ਸੀ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਹੁਣ ਦੂਰ ਨਹੀਂ ਹਨ ਅਤੇ ਅਜਿਹੇ ਸਮੇਂ ਪਾਰਟੀ ਨੂੰ ਮਜ਼ਬੂਤ, ਤਜਰਬੇਕਾਰ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਅਗਵਾਈ ਮਿਲਣਾ ਕਾਂਗਰਸ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਸੂਬੇ ਦੇ ਹਰ ਵਰਗ ਦੇ ਲੋਕਾਂ ਵਿਚ ਕਾਂਗਰਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਲੋਕ ਆਪਣਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਪੰਜਾਬ ਨੂੰ ਮੁੜ ਖੁਸ਼ਹਾਲੀ, ਤਰੱਕੀ ਅਤੇ ਵਿਕਾਸ ਦੇ ਰਾਹ ’ਤੇ ਲਿਜਾਣ ਦੇ ਸਮਰੱਥ ਹੈ।
ਓਧਰ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਣ ਤੋਂ ਬਾਅਦ ਹਲਕਾ ਧਰਮਕੋਟ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਸਮਰਥਕਾਂ ਵਿਚ ਵੀ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਲਕੇ ਦੇ ਵੱਖ-ਵੱਖ ਸਥਾਨਾਂ ’ਤੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਸਮਰਥਕ ਸਾਬਕਾ ਵਿਧਾਇਕ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਲੋਹਗੜ੍ਹ ਦੇ ਸਮਰਥਕਾਂ ਨੇ ਕਿਹਾ ਕਿ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਲੰਮੇ ਸਮੇਂ ਤੋਂ ਹਲਕਾ ਧਰਮਕੋਟ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਹਲਕੇ ਦੇ ਲੋਕਾਂ ਨਾਲ ਮਜ਼ਬੂਤ ਜਨ-ਸੰਪਰਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਕਾ ਲੋਹਗੜ੍ਹ ਹੀ ਧਰਮਕੋਟ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਸਥਿਤੀ ਵਿਚ ਲਿਆਉਣ ਅਤੇ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਮਰਥਕਾਂ ਨੇ ਕਿਹਾ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ ਹੁਣ ਪਾਰਟੀ ਵਰਕਰ ਪੂਰੀ ਤਨਦੇਹੀ ਨਾਲ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟਣਗੇ।