ਜ਼ੀਰਾ 2 ਅਗਸਤ (ਤੀਰਥ ਸਨੇਰ): ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ "ਹਰ ਬੂਥ ਕਾਂਗਰਸ ਮਜ਼ਬੂਤ" ਮੁਹਿੰਮ ਤਹਿਤ 4 ਅਗਸਤ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਬਹੁਤ ਵੱਡਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੁਧਿਆਣਾ ਰੋਡ ’ਤੇ ਸਥਿਤ ਐੱਮ.ਕੇ. ਰਿਜ਼ੌਰਟ/ਪੈਲੇਸ ਵਿਖੇ ਦੁਪਹਿਰ 2 ਵਜੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਵੱਡੇ ਰਾਜਨੀਤਿਕ ਸਮਾਗਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜੀਰਾ ਦੇ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਪਾਰਟੀ ਲੀਡਰਸ਼ਿਪ ਅਨੁਸਾਰ ਅੱਜ ਦੇ ਦੌਰ ਵਿੱਚ ਚੋਣਾਂ ਜਿੱਤਣ ਲਈ ਜ਼ਮੀਨੀ ਪੱਧਰ ’ਤੇ ਟੀਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹ ਸਮਾਂ ਚਲਾ ਗਿਆ ਹੈ ਜਦੋਂ ਸਿਰਫ਼ ਦਾਅਵਿਆਂ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਸਨ। ਹੁਣ 'ਮਿਸ਼ਨ ਫਤਿਹ' ਨੂੰ ਪੂਰਾ ਕਰਨ ਲਈ ਹਰੇਕ ਬੂਥ 'ਤੇ ਪੰਨਾ ਸੇਵਕਾਂ ਨੂੰ ਮਜ਼ਬੂਤ ਕਰਨਾ ਪਵੇਗਾ। ਜਿਨ੍ਹਾਂ ਹਲਕਿਆਂ ਵਿੱਚ ਬੂਥ ਪੱਧਰ 'ਤੇ ਮਜ਼ਬੂਤ ਟੀਮਾਂ ਸਨ, ਉੱਥੇ ਹੀ ਜਿੱਤ ਪ੍ਰਾਪਤ ਹੋਈ ਹੈ। ਇਸੇ ਸੋਚ ਨਾਲ ਹਾਈਕਮਾਂਡ ਵੱਲੋਂ ਵਰਕਰਾਂ ਵਿੱਚ ਨਵਾਂ ਰੂਹ ਫੂਕਣ ਲਈ ਇਹ ਦੌਰਾ ਕੀਤਾ ਜਾ ਰਿਹਾ ਹੈ।
ਜ਼ੀਰਾ ਹਲਕੇ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਖਾਸ ਤੌਰ 'ਤੇ ਅਪੀਲ ਕੀਤੀ ਗਈ ਹੈ ਕਿ ਉਹ 4 ਅਗਸਤ ਨੂੰ ਠੀਕ ਦੁਪਹਿਰ 12 ਵਜੇ ਜੀਰਾ ਦੀ ਦਾਣਾ ਮੰਡੀ ਵਿਖੇ ਹਰੀਸ਼ ਕੁਮਾਰ ਗੋਗਾ ਚੈਨ ਜੀ ਦੀ ਆੜ੍ਹਤ 'ਤੇ ਇਕੱਠੇ ਹੋਣ। ਉੱਥੋਂ ਸਾਰੇ ਸਾਥੀ ਆਪਣੀਆਂ ਗੱਡੀਆਂ 'ਤੇ ਕਾਂਗਰਸ ਦੇ ਝੰਡੇ ਅਤੇ ਸਟਿੱਕਰ ਲਗਾ ਕੇ ਇੱਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਫਿਰੋਜ਼ਪੁਰ ਲਈ ਰਵਾਨਾ ਹੋਣਗੇ। ਇਸ ਸਮਾਗਮ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ, ਬਲਾਕ ਕਮੇਟੀਆਂ, ਐੱਸ.ਸੀ./ਬੀ.ਸੀ. ਸੈੱਲ, ਕਿਸਾਨ ਸੈੱਲ, ਮਹਿਲਾ ਕਾਂਗਰਸ, ਯੂਥ ਕਾਂਗਰਸ, ਐੱਨ.ਐੱਸ.ਯੂ.ਆਈ ਅਤੇ ਓ.ਬੀ.ਸੀ. ਵਿੰਗਾਂ ਦੇ ਸਾਰੇ ਅਹੁਦੇਦਾਰਾਂ, ਮੈਂਬਰ ਪਾਰਲੀਮੈਂਟ, ਪਾਰਟੀ ਦੇ ਐੱਮ.ਸੀ., ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਬਲਾਕ-1 ਸਾਹਿਬਾਨ ਨੂੰ ਵੱਧ ਤੋਂ ਵੱਧ ਸਾਥੀਆਂ ਨਾਲ ਪਹੁੰਚਣ ਲਈ ਕਿਹਾ ਗਿਆ ਹੈ।ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਜਨਤਾ ਦੁਖੀ ਹੈ ਅਤੇ ਕਾਂਗਰਸ ਹੀ ਪੰਜਾਬ ਨੂੰ ਬਚਾ ਸਕਦੀ ਹੈ।
ਖ਼ਬਰਾਂ
ਫਿਰੋਜ਼ਪੁਰ 'ਚ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਰੈਲੀ 4 ਅਗਸਤ ਨੂੰ: ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਕਰਨਗੇ ਸ਼ਿਰਕਤ:ਕੁਲਬੀਰ ਸਿੰਘ ਜ਼ੀਰਾ
* ‘‘ਹਰ ਬੂਥ ਕਾਂਗਰਸ ਮਜ਼ਬੂਤ’’ ਮੁਹਿੰਮ ਤਹਿਤ ਹੋਵੇਗਾ ਵੱਡਾ ਸਮਾਗਮ; 'ਮਿਸ਼ਨ ਫਤਿਹ' ਲਈ ਵਰਕਰਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



