ਬਾਘਾਪੁਰਾਣਾ , 18 ਅਗਸਤ (ਜਸ਼ਨ ) ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਜਿਥੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਓਥੇ ਬਾਘਾਪੁਰਾਣਾ ਹਲਕੇ ਵਿਚ ਸੀਨੀਅਰ ਤੇ ਸਮਰੱਥ ਆਗੂ ਭੋਲਾ ਸਿੰਘ ਬਰਾੜ ਵਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਜ਼ਮੀਨੀ ਪੱਧਰ ’ਤੇ ਸੰਪਰਕ ਵਧਾਇਆ ਜਾ ਰਿਹਾ ਹੈ । ਰੋਜ਼ਾਨਾਂ ਦੀਆਂ ਗਤੀਵਿਧੀਆਂ ਤਹਿਤ ਉਹਨਾਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਬੁਨਿਆਦੀ ਮੁੱਦਿਆਂ ਨੂੰ ਚੋਣੀ ਰਣਨੀਤੀ ਦਾ ਕੇਂਦਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਭੋਲਾ ਸਿੰਘ ਬਰਾੜ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਮੈਦਾਨ ’ਚ ਉਤਰੀ ਆਈ ਹੈ ਅਤੇ 2027 ਲਈ ਰਣਨੀਤੀ ਤਿਆਰ ਕਰਕੇ ਵਾਪਸੀ ਲਈ ਪੁਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ 2027 ਵਿਚ ਕਾਂਗਰਸ ਦੀ ਸਰਕਾਰ ਬਨਣ 'ਤੇ ਲੋਕ ਸੇਵਾ ਦੇ ਨਵੇਂ ਦਿਸਹੱਦੇ ਸਿਰਜੇ ਜਾਣਗੇ । ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦੇ ਭਰੋਸੇ ਅਤੇ ਵਰਕਰਾਂ ਦੀ ਮਿਹਨਤ ਨਾਲ ਪਾਰਟੀ ਮਜ਼ਬੂਤ ਵਾਪਸੀ ਕਰੇਗੀ। ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ, ਵਿਕਾਸ ਅਤੇ ਭਲਾਈ ਲਈ ਆਵਾਜ਼ ਬੁਲੰਦ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਹੁਣ ਤੋਂ ਹੀ ਜ਼ਮੀਨੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੀ ਤਾਕਤ ਉਸ ਦਾ ਮਜ਼ਬੂਤ ਵਰਕਰ ਵਰਗ ਹੈ ਅਤੇ ਹੁਣ ਹਰ ਪਿੰਡ, ਹਰ ਵਾਰਡ ਅਤੇ ਹਰ ਬੂਥ ਤੱਕ ਪਹੁੰਚ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ । ਉਨਾ ਕਿਹਾ ਕਿ ਅੱਜ ਲੋਕ ਬੇਰੋਜ਼ਗਾਰੀ ,ਮਹਿੰਗਾਈ, ਸਿੱਖਿਆ, ਸਿਹਤ ਸਹੂਲਤਾਂ, ਕਿਸਾਨੀ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ ਮੁੱਦਿਆਂ ਨੂੰ ਸਿਰਫ਼ ਚੋਣਾਂ ਸਮੇਂ ਉਠਾਉਣ ਦੀ ਬਜਾਏ ਕਾਂਗਰਸ ਵੱਲੋਂ ਲਗਾਤਾਰ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਕੇ ਪੰਜਾਬ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਨੀਤੀ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਨ੍ਹਾਂ ਮੁੱਦਿਆਂ ਨੂੰ ਪਾਰਟੀ ਪੱਧਰ ’ਤੇ ਉਠਾ ਕੇ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਇਹ ਖੁਸ਼ੀ ਦੀ ਗੱਲ ਹੈ ਕਿ ਇਕ ਪਰਿਵਾਰ ਵਾਂਗ ਆਪਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਪਾਰਟੀ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰ ਰਹੇ ਨੇ ।