ਹੁਸ਼ਿਆਰਪੁਰ, 16 ਮਈ (ਬਖ਼ਸ਼ੀ) : ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੈਡੀਕਲ ਜਾਂਚ ਲਈ ਲਿਆਂਦੇ ਗਏ ਇੱਕ ਕੈਦੀ ਵੱਲੋਂ ਪੁਲਿਸ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਕਾਰਨ ਕੈਦੀ ਦੀ ਮੌਤ ਹੋ ਗਈ।
ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਮੁਲਾਜ਼ਮ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਚੈੱਕਅੱਪ ਲਈ ਹਸਪਤਾਲ ਲੈ ਕੇ ਆਉਂਦੇ ਹਨ। ਇਸੇ ਤਹਿਤ 'ਨਸੀਬ' ਨਾਮ ਦੇ ਕੈਦੀ ਨੂੰ ਵੀ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਸੀ।
ਐਸ.ਐਸ.ਪੀ. ਮੁਤਾਬਕ ਮੈਡੀਕਲ ਜਾਂਚ ਤੋਂ ਬਾਅਦ ਜਿਵੇਂ ਹੀ ਪੁਲਿਸ ਮੁਲਾਜ਼ਮ ਨਸੀਬ ਨੂੰ ਈ-ਰਿਕਸ਼ਾ ਵਿੱਚ ਬਿਠਾ ਕੇ ਰਵਾਨਾ ਹੋਣ ਲੱਗੇ, ਤਾਂ ਉਸ ਨੇ ਅਚਾਨਕ ਤੇਜ਼ਧਾਰ ਹਥਿਆਰ ਨਾਲ ਪੁਲਿਸ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ। ਬਚਾਅ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਮੁਲਾਜ਼ਮ ਨੇ ਪਹਿਲਾਂ ਜ਼ਮੀਨ ਵੱਲ (ਹਵਾਈ) ਫਾਇਰ ਕੀਤਾ, ਪਰ ਜਦੋਂ ਕੈਦੀ ਫਿਰ ਵੀ ਨਾ ਹਟਿਆ ਅਤੇ ਲਗਾਤਾਰ ਤੇਜ਼ਧਾਰ ਹਥਿਆਰ ਨਾਲ ਵਾਰ ਕਰਦਾ ਰਿਹਾ, ਤਾਂ ਮੁਲਾਜ਼ਮ ਵੱਲੋਂ ਸਵੈ-ਰੱਖਿਆ ਵਿੱਚ ਮਲਟੀਪਲ ਫਾਇਰ ਕੀਤੇ ਗਏ। ਇਹਨਾਂ ਵਿੱਚੋਂ ਕੁਝ ਗੋਲੀਆਂ ਕੈਦੀ ਨਸੀਬ ਨੂੰ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਜ਼ਖਮੀ ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਇੱਕ ਵਿਸ਼ੇਸ਼ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਜਲਦ ਹੀ ਆਪਣੀ ਮੁਕੰਮਲ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੇਗੀ।





